ਪਟਨਾ ਜੰਕਸ਼ਨ ਨੇੜੇ ਹੋਟਲ 'ਚ ਲੱਗੀ ਭਿਆਨਕ ਅੱਗ, 6 ਮੌਤਾਂ, 20 ਝੁਲਸੇ
ਪਟਨਾ, 25 ਅਪ੍ਰੈਲ (ਹਿ.ਸ.)। ਰਾਜਧਾਨੀ ਪਟਨਾ ਦੇ ਕੋਤਵਾਲੀ ਥਾਣਾ ਖੇਤਰ 'ਚ ਸਥਿਤ ਜੰਕਸ਼ਨ ਨੇੜੇ ਪਾਲ ਹੋਟਲ 'ਚ ਵੀਰਵਾਰ ਨੂ
22


ਪਟਨਾ, 25 ਅਪ੍ਰੈਲ (ਹਿ.ਸ.)। ਰਾਜਧਾਨੀ ਪਟਨਾ ਦੇ ਕੋਤਵਾਲੀ ਥਾਣਾ ਖੇਤਰ 'ਚ ਸਥਿਤ ਜੰਕਸ਼ਨ ਨੇੜੇ ਪਾਲ ਹੋਟਲ 'ਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। 20 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਦਕਿ 45 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅੱਗ ਵਿੱਚ ਝੁਲਸ ਗਏ ਲੋਕਾਂ ਨੂੰ ਪੀਐਮਸੀਐਚ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਜਿਹੇ 'ਚ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਵੀਰਵਾਰ ਸਵੇਰੇ ਕਰੀਬ 11 ਵਜੇ ਪਟਨਾ ਜੰਕਸ਼ਨ ਨੇੜੇ ਸਥਿਤ ਪਾਲ ਹੋਟਲ 'ਚ ਅੱਗ ਲੱਗਣ ਤੋਂ ਬਾਅਦ ਹੜਕੰਪ ਮਚ ਗਿਆ। ਕੁਝ ਹੀ ਸਮੇਂ ਵਿੱਚ ਅੱਗ ਪੂਰੀ ਇਮਾਰਤ ਵਿੱਚ ਫੈਲ ਗਈ ਅਤੇ ਦਰਜਨਾਂ ਲੋਕ ਇਸ ਵਿੱਚ ਫਸ ਗਏ। ਗਰਮ ਪੱਛਮੀ ਹਵਾ ਕਾਰਨ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਇਮਾਰਤ ਦੇ ਹੇਠਾਂ ਖੜ੍ਹੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸਥਾਨਕ ਲੋਕਾਂ ਵੱਲੋਂ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਪਰ ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਆਸ-ਪਾਸ ਦੇ ਫਾਇਰ ਸਟੇਸ਼ਨਾਂ ਤੋਂ ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਦੋ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਹੋਟਲ ਵਿੱਚ ਫਸੇ 30 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਪੁਲਿਸ ਨੇ ਅੱਗ 'ਚ ਝੁਲਸੇ ਲੋਕਾਂ ਨੂੰ ਪੀ.ਐੱਮ.ਸੀ.ਐੱਚ. ’ਚ ਭਰਤੀ ਕਰਵਾਇਆ ਹੈ। ਪੁਲਿਸ ਨੇ ਇਸ ਘਟਨਾ ਵਿੱਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਟਨਾ ਸਿਟੀ ਦੇ ਐਸਪੀ ਸੈਂਟਰਲ ਚੰਦਰਪ੍ਰਕਾਸ਼ ਨੇ 6 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

ਸਿਟੀ ਐਸਪੀ ਸੈਂਟਰਲ ਨੇ ਦੱਸਿਆ ਕਿ ਹੁਣ ਤੱਕ ਇਸ ਅੱਗ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਅੱਗ ਵਿੱਚ ਝੁਲਸੇ 20 ਲੋਕਾਂ ਨੂੰ ਪੀਐਮਸੀਐਚ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਤੁਰੰਤ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।

ਅੱਗ ਬੁਝਾਊ ਵਿਭਾਗ ਦੀ ਡੀਜੀ ਸ਼ੋਭਾ ਅਹੋਤਕਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਫਿਲਹਾਲ ਇਮਾਰਤ ਅਤੇ ਇਸਦੇ ਆਸਪਾਸ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਟਨਾ ਪੁਲਿਸ ਦੀ ਟੀਮ ਅਤੇ ਸਬੰਧਤ ਅਧਿਕਾਰੀ ਮੌਕੇ ’ਤੇ ਡੇਰੇ ਲਾਏ ਹੋਏ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande