ਪੰਜਾਬ 'ਚ ਸਿਰਫ਼ 67 ਫ਼ੀਸਦੀ ਬੱਚਿਆਂ ਨੂੰ ਮਿਲਦਾ ਹੈ 6 ਮਹੀਨਿਆਂ ਤੱਕ ਮਾਂ ਦਾ ਦੁੱਧ'
ਮੁਹਾਲੀ, 05 ਮਈ (ਹਿ. ਸ.)। ਸਥਾਨਕ ਮੈਡੀਕਲ ਕਾਲਜ ਵਿਖੇ ਸਤਨਪਾਨ ਸਬੰਧੀ ਦੋ-ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ
ਮੁਹਾਲੀ


ਮੁਹਾਲੀ, 05 ਮਈ (ਹਿ. ਸ.)। ਸਥਾਨਕ ਮੈਡੀਕਲ ਕਾਲਜ ਵਿਖੇ ਸਤਨਪਾਨ ਸਬੰਧੀ ਦੋ-ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਡੇਰਾਬੱਸੀ ਅਤੇ ਬੂਥਗੜ੍ਹ ਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਹਿੱਸਾ ਲਿਆ। ਸਿਖਲਾਈ ਪ੍ਰੋਗਰਾਮ ਦਾ ਮੰਤਵ ਸਤਨਪਾਨ ਦੌਰਾਨ ਵੱਖ-ਵੱਖ ਸਮੱਸਿਆਵਾਂ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਸੀ.ਐਚ.ਓ. ਦੀ ਜਾਣਕਾਰੀ ਵਿਚ ਵਾਧਾ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਏਮਜ਼ ਮੋਹਾਲੀ ਦੇ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਵਲੋਂ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮੰਤਵ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਸਤਨਪਾਨ ਦੇ ਸਮੇਂ ਦੌਰਾਨ ਵਿਸ਼ੇਸ਼ ਮਦਦ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਬੱਚੇ ਲਈ ਮਾਂ ਦਾ ਦੁੱਧ ਬੇਹੱਦ ਅਹਿਮ ਹੈ, ਖ਼ਾਸਕਰ ਪੰਜਾਬ ਜਿਹੇ ਖ਼ਿੱਤਿਆਂ ’ਚ, ਜਿਥੇ ਮਾਂ ਦਾ ਦੁੱਧ ਪਿਲਾਉਣ ਦੀ ਦਰ ਹਾਲੇ ਵੀ ਕਾਫ਼ੀ ਘੱਟ ਹੈ। ਉਨ੍ਹਾਂ ਦਸਿਆ ਕਿ ਕੌਮੀ ਪਰਵਾਰ ਸਿਹਤ ਸਰਵੇ ਮੁਤਾਬਕ ਪੰਜਾਬ ਵਿਚ ਸਿਰਫ਼ 51 ਫ਼ੀਸਦੀ ਬੱਚਿਆਂ ਨੂੰ ਜਨਮ ਦੇ ਇਕ ਘੰਟੇ ਅੰਦਰ ਮਾਂ ਦਾ ਦੁੱਧ ਮਿਲਦਾ ਹੈ ਅਤੇ ਅਜਿਹੇ ਬੱਚੇ ਸਿਰਫ਼ 67 ਫ਼ੀਸਦੀ ਹਨ ਜਿਨ੍ਹਾਂ ਨੂੰ ਛੇ ਮਹੀਨਿਆਂ ਤਕ ਮਾਂ ਦਾ ਦੁੱਧ ਮਿਲਦਾ ਹੈ।

ਟਰੇਨਿੰਗ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਦੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਕਈ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਨਾਲ ਨਵਜਨਮੇ ਬੱਚਿਆਂ ਦੀਆਂ ਮੌਤਾਂ ਨੂੰ 20 ਫ਼ੀਸਦੀ ਤਕ ਘਟਾਇਆ ਜਾ ਸਕਦਾ ਹੈ। ਪ੍ਰਾਜੈਕਟ ਦੇ ਮੁੱਖ ਨਿਰੀਖਕ ਡਾ. ਅਨੁਰਾਧਾ ਨੱਡਾ ਨੇ ਸਤਨਪਾਨ ਦੌਰਾਨ ਮਾਂਵਾਂ ਨੂੰ ਦਰਪੇਸ਼ ਆਮ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਮਾਂ ਅਪਣੇ ਬੱਚੇ ਦੇ ਜਨਮ ਦੇ ਪਹਿਲੇ ਦੋ ਤਿੰਨ ਦਿਨਾਂ ਦੌਰਾਨ ਅਪਣਾ ਪਹਿਲਾ ਗਾੜ੍ਹਾ ਜਾਂ ਪੀਲੇ ਰੰਗ ਦਾ ਦੁੱਧ ਜ਼ਰੂਰ ਪਿਲਾਵੇ। ਜਨਮ ਤੋਂ ਬਾਅਦ ਬੱਚੇ ਨੂੰ ਦੁੱਧ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ। ਜੇ ਔਰਤਾਂ ਬੀਮਾਰ ਹਨ ਤਾਂ ਵੀ ਅਪਣੇ ਬੱਚੇ ਨੂੰ ਬਿਨਾਂ ਕਿਸੇ ਡਰ-ਭੈਅ ਦੁੱਧ ਪਿਲਾਉਣਾ ਜਾਰੀ ਰੱਖ ਸਕਦੀਆਂ ਹਨ। ਮਾਂ ਦੋ ਵਰਿ੍ਹਆਂ ਤਕ ਜਾਂ ਉਸ ਤੋਂ ਬਾਅਦ ਵੀ ਬੱਚੇ ਨੂੰ ਦੁੱਧ ਪਿਲਾ ਸਕਦੀ ਹੈ। ਬੱਚੇ ਨੂੰ ਕਦੇ ਵੀ ਬੋਤਲ ਨਾਲ ਦੁੱਧ ਨਾ ਪਿਲਾਉ ਕਿਉਂਕਿ ਇਹ ਨੁਕਸਾਨਦੇਹ ਹੋ ਸਕਦਾ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande