ਹੀਮੋਫੀਲੀਆ ਤੇ ਥੈਲੇਸੀਮੀਆ ਲਈ 8 ਮਈ ਤੋਂ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
ਨਵਾਂਸ਼ਹਿਰ, 06 ਮਈ (ਹਿ. ਸ.)। ਜ਼ਿਲ੍ਹੇ ਵਿਚ ਵਿਸ਼ਵ ਹੀਮੋਫੀਲੀਆ ਦਿਵਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਦੇ ਸੰਦਰਭ ਵਿਚ ਮਿਤੀ 8
ਨਵਾਂਸ਼ਹਿਰ


ਨਵਾਂਸ਼ਹਿਰ, 06 ਮਈ (ਹਿ. ਸ.)। ਜ਼ਿਲ੍ਹੇ ਵਿਚ ਵਿਸ਼ਵ ਹੀਮੋਫੀਲੀਆ ਦਿਵਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਦੇ ਸੰਦਰਭ ਵਿਚ ਮਿਤੀ 8 ਮਈ, 2024 ਤੋਂ 17 ਮਈ, 2024 ਤੱਕ 10 ਦਿਨਾ ਜਾਗਰੂਕਤਾ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਹੀਮੋਗਲੋਬਿਨੋਪੈਥੀ ਅਤੇ ਹੀਮੋਫੀਲੀਆ ਤੋਂ ਪੀੜਤ ਵਿਅਕਤੀਆਂ ਨੂੰ ਸਿਹਤ ਸਿੱਖਿਆ ਪ੍ਰਦਾਨ ਕਰਨਾ, ਸਿਹਤਮੰਦ ਜੀਵਨ ਜਿਊਣ ਲਈ ਗਿਆਨ ਨਾਲ ਲੈਸ ਕਰਨਾ ਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਉਣਾ ਅਤੇ ਹੀਮੋਗਲੋਬਿਨੋਪੈਥੀ ਨਾਲ ਸਬੰਧਤ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਹੈ।

ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਹੀਮੋਫੀਲੀਆ ਖ਼ੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ, ਜਿਸ ਵਿਚ ਖ਼ੂਨ ਦਾ ਥੱਕਾ ਨਹੀਂ ਬਣਦਾ। ਉਨ੍ਹਾਂ ਦੱਸਿਆ ਕਿ ਹੀਮੋਫੀਲੀਆ ਦੇ ਲੱਛਣਾਂ ਵਿੱਚ ਆਮ ਸੱਟ ਅਤੇ ਡੂੰਘੀ ਸੱਟ ਲੱਗਣ ਤੋਂ ਬਾਅਦ ਦੇਰ ਤੱਕ ਖੂਨ ਦਾ ਲਗਾਤਾਰ ਵਗਣਾ, ਨੱਕ ਵਿੱਚੋੰ ਖੂਨ ਵਗਣਾ ਅਤੇ ਆਸਾਨੀ ਨਾਲ ਨਾ ਰੁਕਣਾ, ਸ਼ਰੀਰ ਦੇ ਵੱਖ-ਵੱਖ ਜੋੜਾਂ ਵਿੱਚ ਦਰਦ ਅਤੇ ਸੋਜ਼ ਹੋਣਾ, ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਚਾਨਕ ਸੋਜ ਹੋਣਾ ਤੇ ਪਿਸ਼ਾਬ ਵਿੱਚ ਖੂਨ ਆਉਣਾ ਸ਼ਾਮਲ ਹਨ। ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਨਾ ਹੋਣ ਦੀ ਸੂਰਤ ਵਿਚ ਪੀੜਿਤ ਦੀ ਜਾਨ ਦਾ ਜੋਖਮ ਵਧ ਸਕਦਾ ਹੈ। ਇਸ ਬਿਮਾਰੀ ਤੋਂ ਪੀੜਿਤ ਲੋਕਾਂ ਨੂੰ ਪੂਰੀ ਜ਼ਿੰਦਗੀ ਆਪਣੀ ਸਿਹਤ ਦੀ ਦੇਖਭਾਲ ਅਤੇ ਨਿਯਮਤ ਨਿਗਰਾਨੀ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਜ਼ਿਲ੍ਹੇ ਵਿਚ ਇਸ ਬਿਮਾਰੀ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਇਸਦੇ ਇਲਾਜ ਪ੍ਰਬੰਧਨ ਨੂੰ ਹਰ ਪੀੜਤ ਤੱਕ ਪਹੁੰਚਾਉਣ ਲਈ 10 ਦਿਨਾ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਹੀਮੋਫੀਲੀਆ ਬਿਮਾਰੀ ਬਾਰੇ ਅਜੇ ਵੀ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਸਿਹਤ ਵਿਭਾਗ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੇ ਇਲਾਜ ਪ੍ਰਬੰਧਨ ਨੂੰ ਹਰ ਪੀੜਿਤ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ।

ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਸਬੰਧੀ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਉਹ ਇਸ ਬਿਮਾਰੀ ਬਾਰੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਣਕਾਰੀ ਦੇਣ, ਕਿਉਂਕਿ ਹੀਮੋਫੀਲੀਆ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਇਸ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਦੇ ਚੱਲਦਿਆਂ ਉਹ ਗੰਭੀਰ ਹਾਲਤ ਵਿਚ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੀਮੋਫੀਲੀਆ ਜਾਂਚ ਅਤੇ ਇਲਾਜ ਉਪਲੱਬਧ ਹੈ।

ਸਿਵਲ ਸਰਜਨ ਨੇ ਥੈਲੇਸੀਮੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੈਲੇਸੀਮੀਆ ਇੱਕ ਜੈਨੇਟਿਕ ਬਿਮਾਰੀ ਹੈ, ਜਿਸ ਵਿੱਚ ਪੀੜਤ ਦੇ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਦਾ ਉਤਪਾਦਨ ਬੰਦ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਪੀੜਤ ਨੂੰ ਹਰ 15-20 ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵਿੱਚ ਵੀ ਜਾਗਰੂਕਤਾ ਦੀ ਘਾਟ ਹੈ। ਥੈਲੇਸੀਮੀਆ ਦੀ ਰੋਕਥਾਮ ਲਈ ਵਿਆਹ ਤੋਂ ਪਹਿਲਾਂ ਸਿਹਤ ਕੁੰਡਲੀ ਮਿਲਾਉਣਾ ਇਕ ਅਹਿਮ ਉਪਾਅ ਹੈ ਮਤਲਬ ਸਿਹਤ ਕੁੰਡਲੀ ਵਿਚ ਵਿਆਹ ਤੋਂ ਪਹਿਲਾਂ ਲੜਕੇ-ਲੜਕੀ ਦੀ ਥੈਲੇਸੀਮੀਆ, ਏਡਜ਼, ਹੈਪੇਟਾਈਟਸ ਬੀ ਤੇ ਸੀ, ਆਰ.ਐੱਚ. ਫੈਕਟਰ ਆਦਿ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਡਾ. ਕੌਰ ਨੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪੇਸ਼ਾਬ ਗਾੜਾ ਆਉਣਾ ਅਤੇ ਜ਼ਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ, ਵਿਆਹਯੋਗ ਜੋੜੇ ਅਤੇ ਉਹ ਔਰਤਾਂ ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੋ ਰਿਹਾ, ਉਹ ਆਪਣਾ ਐੱਚਬੀਏ-2 ਟੈਸਟ ਕਰਵਾ ਕੇ ਇਸ ਰੋਗ ਦੇ ਵਾਧੇ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਆਪਣੇ ਥੈਲੇਸੀਮੀਆ ਲਈ ਜਾਂਚ ਕਰਵਾ ਕੇ ਆਉਣ ਵਾਲੇ ਬੱਚਿਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande