ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸੰਪੰਨ
ਨਵਾਂਸ਼ਹਿਰ, 06 ਮਈ (ਹਿ. ਸ.)। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ
ਨਵਾਂਸ਼ਹਿਰ


ਨਵਾਂਸ਼ਹਿਰ, 06 ਮਈ (ਹਿ. ਸ.)। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਮਿਊਂਸਪਲ ਪਬਲਿਕ ਪਾਰਕ ਵਿਖੇ ਕਰਵਾਇਆ ਗਿਆ ਰਾਤਰੀ ਗੁਰਮਤਿ ਸਮਾਗਮ ਬੜੀ ਸ਼ਰਧਾ, ਧੂਮਧਾਮ ਅਤੇ ਚੜਦੀ ਕਲਾ ਨਾਲ ਸੰਪੂਰਨ ਹੋਇਆ। ਇਸ ਸਮਾਗਮ ਵਿਚ ਜਿਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ ਉੱਥੇ ਪਾਰਕ ਕਮੇਟੀ ਮੈਨੇਜਮੈਂਟ ਅਤੇ ਮੁਹੱਲਾ ਨਿਵਾਸੀ ਸੰਗਤਾਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਉਣ ਵਾਲੀਆਂ ਸੰਗਤਾਂ ਦੇ ਸਤਿਕਾਰ ਲਈ ਬਹੁਤ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ।

ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਜੀ ਨੇ ਅੰਮ੍ਰਿਤਮਈ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥ ਦੇ ਪ੍ਰਸਿੱਧ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜੀਵਨ ਇਤਿਹਾਸ ਅਤੇ ਫਲਸਫੇ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨਾਂ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਕਰੀਬ ਛੇ ਸਾਲ ਕਰੜੀ ਸੇਵਾ ਕਰਕੇ ਗੁਰਗੱਦੀ ਪ੍ਰਾਪਤ ਕੀਤੀ ਅਤੇ ਸਮੁੱਚੇ ਵਿਸ਼ਵ ਨੂੰ ਇਕ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਸੇਵਾ ਤੋਂ ਉੱਤਮ ਦੁਨੀਆਂ ਵਿੱਚ ਹੋਰ ਕੋਈ ਚੀਜ ਨਹੀਂ। ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਹਰ ਸਾਲ ਵੱਡੇ ਪੱਧਰ ਤੇ ਚੜਦੀ ਕਲਾ ਨਾਲ ਮਨਾਉਣ ਲਈ ਸੰਗਤਾਂ ਨੂੰ ਵਧਾਈ ਵੀ ਦਿੱਤੀ। ਇਸ ਤੋਂ ਪਹਿਲਾਂ ਸਮਾਗਮ ਦੀ ਅਰੰਭਤਾ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਮਿਊਸੀਪਲ ਪਬਲਿਕ ਪਾਰਕ ਵਿਖੇ ਬਹੁਤ ਸਤਿਕਾਰ ਸਹਿਤ ਨਗਰ ਕੀਰਤਨ ਦੇ ਰੂਪ ਵਿੱਚ ਲਿਆਏ ਗਏ।

ਇਸ ਮੌਕੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕੀਤਾ। ਸਮਾਗਮ ਦੀ ਸਮਾਪਤੀ ਦੀ ਅਰਦਾਸ ਭਾਈ ਜਤਿੰਦਰ ਸਿੰਘ ਵੱਲੋਂ ਕੀਤੀ ਗਈ ਅਤੇ ਗੁਰਦੁਆਰਾ ਮੈਨੇਜਮੈਂਟ ਵਲੋਂ ਸੁਰਜੀਤ ਸਿੰਘ ਸੋਇਤਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਅਤੇ ਪਬਲਿਕ ਪਾਰਕ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਸੰਗਤਾਂ ਵਿਚ ਅਤੁੱਟ ਵਰਤਾਏ ਗਏ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande