ਧੂਰੀ, 12 ਜਨਵਰੀ (ਹਿੰ. ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੀ ਟੀਮ ‘ਚ ਸ਼ੁਮਾਰ ਅਤੇ ਪੰਜਾਬ ਕੰਨਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਸਤਿੰਦਰ ਸਿੰਘ ਚੱਠਾ ਵਲੋਂ ਚੇਅਰਮੈਨੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ। ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਨਵੇਅਰ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਬਾਰੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਵੱਲੋਂ ਪੰਜਾਬ ਦੇ ਮਸਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਅਤੇ ਪਾਰਟੀ ਦੀਆਂ ਗ਼ਲਤ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ‘ਪੰਜਾਬ ਕਨਵੇਅਰ’ ਦੀ ਚੇਅਰਮੈਨਸ਼ਿਪ ਸਮੇਤ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਸੂਬਾਈ ਆਹੁੱਦੇਦਾਰੀ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਏ ਹਨ। ਦੱਸਣਯੋਗ ਹੈ ਕਿ ਸਤਿੰਦਰ ਸਿੰਘ ਚੱਠਾ ਐੱਫ.ਸੀ.ਆਈ ਮੁਲਾਜਮਾਂ ਦੇ ਜੱਥੇਬੰਦੀ ਦੇ ਕੌਮੀ ਪ੍ਰਧਾਨ ਵੱਜੋਂ ਸੇਵਾ ਨਿਭਾਂ ਰਹੇ ਹਨ ਅਤੇ ਧੂਰੀ ਹਲਕੇ ਵਿੱਚ ਧੂਰੀ ਮੁੱਖ ਮੰਤਰੀ ਦੀ ਟੀਮ ਦੇ ਮੋਹਰੀ ਆਗੂਆਂ ਵਿੱਚੋਂ ਗਿਣੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ਵਾਸ਼ਪਾਤਰਾਂ ਵਿੱਚ ਗਿਣੇ ਜਾਂਦੇ ਚੱਠਾ ਦੇ ਇਸ ਅਸਤੀਫ਼ੇ ਨੂੰ ਲੈ ਕੇ ਇਹ ਸੰਕੇਤ ਮਿਲ ਰਹੇ ਹਨ ਕਿ ਪਾਰਟੀ ਅੰਦਰ ਸਭ ਕੁੱਝ ਠੀਕ ਠਾਕ ਨਹੀਂ ਹੈ ਅਤੇ ਵਰਕਰਾਂ ਦੀ ਅਣਦੇਖੀ ਨੂੰ ਵੀ ਇਸ ‘ਅਸਤੀਫ਼ੇ’ ਨਾਲ ਜੋੜਿਆ ਜਾ ਰਿਹਾ ਹੈ ਅਤੇ ਚੱਠਾ ਇੱਕ ਸਮਾਜ ਸੇਵੀ ਅਤੇ ਈਮਾਨਦਾਰ ਸਖ਼ਸੀਅਤ ਵੱਜੋਂ ਜਾਣੇ ਜਾਂਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ