ਨਵੀਂ ਦਿੱਲੀ, 02 ਜਨਵਰੀ (ਹਿੰ.ਸ.)। ਕਾਂਗਰਸ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਉਥਲ-ਪੁਥਲ ਦੇ ਦੌਰ ਵਿੱਚ ਹੈ। ਇਸ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਸ ਕੋਲ ਇਸ ਦਾ ਕੋਈ ਠੋਸ ਹੱਲ ਨਹੀਂ ਹੈ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਦੇ ਆਮ ਲੋਕਾਂ ਦੇ ਜੀਵਨ ਵਿੱਚ ਵਿਆਪਕ ਅਵਿਵਸਥਾ ਦਾ ਮੁਲਾਂਕਣ ਸੱਤ ਸੰਕੇਤਾਂ ਰਾਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਗੋਲਡ ਲੋਨ ਲੈਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਅਤੇ ਇਸ ਦੇ ਐਨਪੀਏ ਵਿੱਚ ਵਾਧਾ ਪ੍ਰਮੁੱਖ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਲਡ ਲੋਨ 50 ਫੀਸਦੀ ਵਾਧਾ ਹੋਇਆ ਹੈ ਜਦਕਿ ਇਸਦੇ ਐਨਪੀਏ ’ਚ 30 ਫੀਸਦੀ ਦਾ ਉਛਾਲ ਆਇਆ ਹੈ। ਲੋਕਾਂ ਦੇ ਘਰਾਂ ਵਿੱਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਖਰੀਦਦਾਰੀ ਵਿੱਚ ਪਿਛਲੀਆਂ 8 ਤਿਮਾਹੀਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਯਾਨੀ ਕਿ ਇਹ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਤੱਕ ਨਹੀਂ ਪਹੁੰਚੀ ਹੈ। ਖੜਗੇ ਨੇ ਕਿਹਾ ਕਿ ਕਾਰਾਂ ਦੀ ਵਿਕਰੀ 'ਚ ਵਾਧਾ ਪਿਛਲੇ ਚਾਰ ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਪਿਛਲੇ 5 ਸਾਲਾਂ (2019-2023) ਵਿੱਚ ਇੰਜੀਨੀਅਰਿੰਗ, ਨਿਰਮਾਣ, ਪ੍ਰਕਿਰਿਆ ਅਤੇ ਬੁਨਿਆਦੀ ਢਾਂਚਾ (ਈਐਮਪੀਆਈ) ਖੇਤਰਾਂ ਵਿੱਚ ਤਨਖਾਹਾਂ ਸਿਰਫ 0.8 ਫੀਸਦੀ ਦੀ ਮਿਸ਼ਰਿਤ ਸਾਲਾਨਾ ਦਰ ਨਾਲ ਵਧੀਆਂ ਹਨ। ਪਿਛਲੀਆਂ ਅੱਠ ਤਿਮਾਹੀਆਂ ਵਿੱਚ ਖੁਰਾਕੀ ਮਹਿੰਗਾਈ ਦਰ ਔਸਤਨ 7.1 ਫੀਸਦੀ ਰਹੀ ਹੈ। ਜ਼ਰੂਰੀ ਵਸਤਾਂ 'ਤੇ ਜੀਐਸਟੀ ਦੇ ਰੂਪ ਵਿੱਚ ਅਸਿੱਧੇ ਟੈਕਸ ਘਰੇਲੂ ਬੱਚਤਾਂ ਨੂੰ ਘਟਾ ਰਿਹਾ ਹੈ ਜੋ ਕਿ 50 ਸਾਲਾਂ ਦੇ ਹੇਠਲੇ ਪੱਧਰ 'ਤੇ ਹੈ। ਘਰੇਲੂ ਵਿੱਤੀ ਦੇਣਦਾਰੀਆਂ ਹੁਣ ਜੀਡੀਪੀ ਦਾ 6.4 ਪ੍ਰਤੀਸ਼ਤ ਹਨ, ਜੋ ਦਹਾਕਿਆਂ ਵਿੱਚ ਸਭ ਤੋਂ ਵੱਧ ਹਨ। ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗ ਗਿਆ ਹੈ, ਜਿਸ ਨਾਲ ਵਿਦੇਸ਼ੀ ਫੰਡ ਬਾਹਰ ਜਾਣ ਲਈ ਮਜਬੂਰ ਹਨ ਅਤੇ ਛੋਟੇ ਨਿਵੇਸ਼ਕਾਂ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਉਨ੍ਹਾਂ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ, ਮੋਦੀ ਜੀ, ਤੁਹਾਡੇ ਸਾਲਾਨਾ 'ਨਵੇਂ ਸਾਲ ਦੇ ਸੰਕਲਪ' ਹਰ ਨਾਗਰਿਕ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਜੁਮਲਿਆਂ ਤੋਂ ਘੱਟ ਨਹੀਂ ਹਨ!’’ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਇਨ੍ਹਾਂ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਚੋਣ ਪ੍ਰਚਾਰ ਦੌਰਾਨ ਦੇ ਪ੍ਰਧਾਨ ਮੰਤਰੀ ਦੇ ‘ਮੰਗਲਸੂਤਰ’ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸੇ ਦੌਰਾਨ ਅਸੀਂ ਸੋਨੇ ਦੇ ਕਰਜ਼ਿਆਂ ਵਿੱਚ ਤੇਜ਼ੀ ਨਾਲ ਵਾਧੇ ਦਾ ਮੁੱਦਾ ਉਠਾਇਆ ਸੀ। ਅੰਦਾਜ਼ਨ 3 ਲੱਖ ਕਰੋੜ ਰੁਪਏ ਦੇ ਸੋਨੇ ਦੇ ਕਰਜ਼ੇ ਭਾਰਤੀ ਪਰਿਵਾਰਾਂ ਕੋਲ ਹਨ, ਜੋ ਅੱਜ ਤੱਕ ਬਕਾਇਆ ਹਨ। ਹੁਣ ਇਹ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਕਰਜ਼ੇ ਦੀਆਂ ਵਧਦੀਆਂ ਘਟਨਾਵਾਂ ਅਤੇ ਸੁਸਤ ਆਰਥਿਕਤਾ ਦੇ ਨਾਲ, ਗੋਲਡ ਲੋਨ ਡਿਫਾਲਟ ਦੇ ਮਾਮਲੇ ਵੱਧ ਰਹੇ ਹਨ। ਸਾਲ 2024 'ਚ ਮਾਰਚ ਤੋਂ ਜੂਨ ਦੇ ਤਿੰਨ ਮਹੀਨਿਆਂ 'ਚ ਗੋਲਡ ਲੋਨ ਐਨਪੀਏ ਦਾ ਅਨੁਪਾਤ 30 ਫੀਸਦੀ ਵਧ ਗਿਆ ਹੈ, ਯਾਨੀ ਕਿ 5,149 ਕਰੋੜ ਰੁਪਏ ਤੋਂ ਵਧ ਕੇ 6,696 ਕਰੋੜ ਰੁਪਏ ਹੋ ਗਿਆ ਹੈ।
ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਿਰਫ਼ ਰਸਮੀ ਖੇਤਰ ਦੇ ਸੋਨੇ ਦੇ ਕਰਜ਼ੇ ਹਨ, ਜਦੋਂਕਿ ਗ਼ੈਰ-ਰਸਮੀ ਖੇਤਰ ਦਾ ਸਹਾਰਾ ਲੈ ਕੇ ਕਿੰਨੇ ਪਰਿਵਾਰਾਂ ਨੇ ਅਜਿਹੇ ਕਰਜ਼ੇ ਲਏ ਹਨ, ਇਸਦਾ ਕੋਈ ਅੰਦਾਜ਼ਾ ਨਹੀਂ ਹੈ। ਜਦੋਂ ਪਰਿਵਾਰ ਅਜਿਹੇ ਕਰਜ਼ਿਆਂ 'ਤੇ ਡਿਫਾਲਟ ਹੋ ਜਾਂਦੇ ਹਨ, ਤਾਂ ਉਹ ਆਮ ਤੌਰ 'ਤੇ ਆਪਣੀ ਸੋਨੇ ਦੀ ਜਾਇਦਾਦ ਗੁਆ ਦਿੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਔਰਤਾਂ ਗਹਿਣੇ ਪਹਿਨਦੀਆਂ ਹਨ, ਜਿਸ ਵਿੱਚ ਮੰਗਲਸੂਤਰ ਵੀ ਸ਼ਾਮਲ ਹੁੰਦਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ