ਲੁਧਿਆਣਾ, 02 ਜਨਵਰੀ (ਹਿੰ.ਸ.)। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਲੁਧਿਆਣਾ ਦੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪੁਲਿਸ ਨੇ ਲੁਧਿਆਣਾ ਦੇ ਚਾਰ ਨੌਜਵਾਨਾਂ ਨੂੰ ਚਿੱਟੇ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਨੌਜਵਾਨਾਂ ਦੀ ਪਹਿਚਾਣ ਜਸਪ੍ਰੀਤ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਨਿਵਾਸੀ ਨਿਊ ਸ਼ਿਵਪੁਰੀ ਗਲੀ ਨੰਬਰ 1, ਵਾਰਡ ਨੰਬਰ 23 ਨਿਊ ਸ਼ਿਵਪੁਰੀ ਬਗਾ ਕਲਾਂ ਸੰਤੋਸ਼ ਨਗਰ ਲੁਧਿਆਣਾ, ਜਤਿਨ ਪੁੱਤਰ ਸਤੀਸ਼ ਕੁਮਾਰ ਨਿਵਾਸੀ ਬਿੰਦਰਾ ਕਾਲੋਨੀ ਸੰਤੋਸ਼ ਨਗਰ ਲੁਧਿਆਣਾ, ਕਰਣ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਸੰਤੋਸ਼ ਨਗਰ ਲੁਧਿਆਣਾ ਅਤੇ ਨਵੀਨ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਬਿੰਦਰਾ ਕਾਲੋਨੀ ਸੰਤੋਸ਼ ਨਗਰ ਲੁਧਿਆਣਾ ਵਜੋਂ ਹੋਈ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁਲਿਸ ਨੇ 41.7 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਠਿਓਗ ਦੇ ਨੰਗਲਦੇਵੀ ਵਿਖੇ ਠਿਓਗ ਥਾਣੇ ਦੀ ਟੀਮ ਗਸ਼ਤ ’ਤੇ ਸੀ। ਇਸ ਦੌਰਾਨ ਪੁਲਿਸ ਨੇ ਨੰਗਲਦੇਵੀ ਵਿਖੇ ਪੰਜਾਬ ਨੰਬਰ ਦੀ ਇੱਕ ਗੱਡੀ ਦੀ ਜਾਂਚ ਕੀਤੀ। ਜਾਂਚ ਦੌਰਾਨ ਪੁਲਿਸ ਨੇ ਗੱਡੀ ਵਿੱਚ ਸਵਾਰ ਚਾਰ ਨੌਜਵਾਨਾਂ ਕੋਲੋਂ 41.7 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ