ਨਵੀਂ ਦਿੱਲੀ, 06 ਜਨਵਰੀ (ਹਿੰ.ਸ.)। ਭਾਰਤੀ ਆਲਰਾਊਂਡਰ ਰਿਸ਼ੀ ਧਵਨ ਨੇ ਸੀਮਤ ਓਵਰਾਂ ਦੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਧਵਨ ਨੇ ਇਹ ਐਲਾਨ ਵਿਜੇ ਹਜ਼ਾਰੇ ਟਰਾਫੀ ਗਰੁੱਪ ਪੜਾਅ ਦੇ ਆਖਰੀ ਦਿਨ ਤੋਂ ਬਾਅਦ ਕੀਤਾ, ਜਿਸ 'ਚ ਹਿਮਾਚਲ ਪ੍ਰਦੇਸ਼ ਅਗਲੇ ਪੜਾਅ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ।
ਹਾਲਾਂਕਿ, ਸੋਸ਼ਲ ਮੀਡੀਆ 'ਤੇ ਧਵਨ ਦੀ ਸੰਨਿਆਸ ਦੀ ਘੋਸ਼ਣਾ ਵਿੱਚ ਖਾਸ ਤੌਰ 'ਤੇ ਸੀਮਤ ਓਵਰਾਂ ਦੀ ਕ੍ਰਿਕਟ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਰਣਜੀ ਸੀਜ਼ਨ ਦੇ ਬਾਕੀ ਬਚੇ ਸਮੇਂ ਵਿੱਚ ਹਿਮਾਚਲ ਲਈ ਖੇਡਣ ਲਈ ਉਪਲੱਬਧ ਰਹਿਣਗੇ।
34 ਸਾਲਾ ਧਵਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਚਾਰ ਵਾਰ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਾਲ 2016 ਵਿੱਚ ਸਾਰੇ ਚਾਰ ਮੈਚ ਖੇਡੇ।। ਉਹ ਪਹਿਲਾਂ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼, ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਵੀ ਰਹੇ ਹਨ, ਪਰ ਹਾਲ ਹੀ ਵਿੱਚ ਹੋਈ ਨਿਲਾਮੀ ਵਿੱਚ ਉਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ।
ਧਵਨ ਨੇ 134 ਲਿਸਟ ਏ ਮੈਚ ਖੇਡੇ, ਜਿਸ ਵਿੱਚ 29.74 ਦੀ ਔਸਤ ਨਾਲ 186 ਵਿਕਟਾਂ ਲਈਆਂ ਅਤੇ 38.23 ਦੀ ਔਸਤ ਨਾਲ 2906 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। 135 ਟੀ-20 ਵਿੱਚ, ਉਨ੍ਹਾਂ ਨੇ 26.44 ਦੀ ਔਸਤ ਅਤੇ 7.06 ਦੀ ਇਕਾਨਮੀ ਰੇਟ ਨਾਲ 118 ਵਿਕਟਾਂ ਲਈਆਂ ਅਤੇ 121.33 ਦੀ ਸਟ੍ਰਾਈਕ ਰੇਟ ਨਾਲ 1740 ਦੌੜਾਂ ਬਣਾਈਆਂ। ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰੀ ਪ੍ਰਾਪਤੀਆਂ ਵਿੱਚ 2021-22 ਵਿੱਚ ਹਿਮਾਚਲ ਨੂੰ ਵਿਜੇ ਹਜ਼ਾਰੇ ਟਰਾਫੀ ਦਾ ਆਪਣਾ ਪਹਿਲਾ ਖਿਤਾਬ ਦਿਵਾਉਣਾ ਸ਼ਾਮਲ ਹੈ।
ਧਵਨ 2021-22 'ਚ 458 ਦੌੜਾਂ ਨਾਲ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਅਤੇ ਅੱਠ ਮੈਚਾਂ 'ਚ 17 ਵਿਕਟਾਂ ਲੈ ਕੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣੇ। ਹਿਮਾਚਲ ਲਈ, ਇਹ ਘਰੇਲੂ ਕ੍ਰਿਕਟ ਵਿੱਚ ਕਿਸੇ ਵੀ ਤਰ੍ਹਾਂ ਦਾ ਉਨ੍ਹਾਂ ਦਾ ਪਹਿਲਾ ਅਤੇ ਇੱਕੋ ਇੱਕ ਖਿਤਾਬ ਸੀ। ਆਈਪੀਐਲ ਵਿੱਚ, ਧਵਨ ਨੇ ਕਿੰਗਜ਼ ਇਲੈਵਨ ਪੰਜਾਬ (2014-2024) ਅਤੇ ਮੁੰਬਈ ਇੰਡੀਅਨਜ਼ (2013) ਦੀ ਨੁਮਾਇੰਦਗੀ ਕੀਤੀ, ਜਿਸ ਉਨ੍ਹਾਂ 39 ਮੈਚਾਂ ਵਿੱਚ 25 ਵਿਕਟਾਂ ਲਈਆਂ ਅਤੇ 210 ਦੌੜਾਂ ਬਣਾਈਆਂ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ