ਅੰਮ੍ਰਿਤਸਰ, 13 ਅਕਤੂਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ’ਚ ਸਹਿਯੋਗ ਲਈ ਇੰਡੀਆ ਇਸਲਾਮਿਕ ਕਲਚਰ ਸੈਂਟਰ ਨਵੀਂ ਦਿੱਲੀ ਦੇ ਪ੍ਰਧਾਨ ਸਲਮਾਨ ਖੁਰਸ਼ੀਦ ਵੱਲੋਂ ਸੰਸਥਾ ਦੇ ਖ਼ਜ਼ਾਨਚੀ ਸਿਕੰਦਰ ਹਿਯਾਤ ਨੇ 11 ਲੱਖ ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇੰਡੀਆ ਇਸਲਾਮਿਕ ਕਲਚਰ ਸੈਂਟਰ ਦਿੱਲੀ ਦੇ ਅਹੁਦੇਦਾਰਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਪੰਜਾਬ ਵਾਸੀਆਂ ਲਈ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਵੱਡਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਿਰੰਤਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਯਤਨ ਕਰ ਰਹੀ ਹੈ ਅਤੇ ਇਸੇ ਤਰ੍ਹਾਂ ਯਤਨ ਜਾਰੀ ਰਹਿਣਗੇ। ਐਡਵੋਕੇਟ ਧਾਮੀ ਨੇ ਮੁਸਲਿਮ ਭਾਈਚਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਪਹਿਲਾਂ ਵੀ ਵੱਡੇ ਰੂਪ ਵਿਚ ਸਹਾਇਤਾ ਰਾਸ਼ੀ ਦਿੱਤੀ ਹੈ, ਉਥੇ ਹੁਣ ਇੰਡੀਆ ਇਸਲਾਮਿਕ ਕਲਚਰ ਸੈਂਟਰ ਨਵੀਂ ਦਿੱਲੀ ਵੱਲੋਂ ਵੀ 11 ਲੱਖ ਰੁਪਏ ਦਿੱਤੇ ਗਏ ਹਨ।
ਇਸ ਮੌਕੇ ਇੰਡੀਆ ਇਸਲਾਮਿਕ ਕਲਚਰ ਸੈਂਟਰ ਨਵੀਂ ਦਿੱਲੀ ਦੇ ਪ੍ਰਧਾਨ ਸਲਮਾਨ ਖੁਰਸ਼ੀਦ ਵੱਲੋਂ ਪੁੱਜੇ ਸੰਸਥਾ ਦੇ ਖ਼ਜ਼ਾਨਚੀ ਸਿਕੰਦਰ ਹਿਯਾਤ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੀ ਪ੍ਰਮੁੱਖ ਸੰਸਥਾ ਹੈ, ਜੋ ਨਿਰੰਤਰ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਂਟਰ ਵੱਲੋਂ ਇਹ ਨਿਮਾਣਾ ਯਤਨ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਥਾ ਵੱਲੋਂ ਪੁੱਜੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ