ਝੰਜੇੜੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 13 ਅਕਤੂਬਰ (ਹਿੰ. ਸ.)। ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਦੇ ਯਤਨਾਂ ਸਦਕਾ ਅੱਜ ਕਈ ਦਹਾਕਿਆਂ ਬਾਅਦ ਝੰਜੇੜੀ ਪਿੰਡ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਰਸਮੀ ਤੌਰ ਤੇ ਸ਼ੁਰੂ ਹੋ ਗਈ।
ਐਮ ਪੀ ਮਲਵਿੰਦਰ ਸਿੰਘ ਕੰਗ ਨੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹਾੜੀ ਦੇ ਸੀਜਨ ਤੱਕ ਇਸ ਮੰਡੀ ਨੂੰ ਹੋਰ ਵੱਡਾ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾਵੇਗੀ। ਹਾਲ ਦੀ ਘੜੀ ਇਹ ਸਾਢੇ ਪੰਜ ਏਕੜ ਵਿੱਚ ਖਰੜ ਮੰਡੀ ਦਾ ਆਰਜ਼ੀ ਖਰੀਦ ਕੇਂਦਰ ਬਣਾਇਆ ਗਿਆ ਹੈ, ਜਿਸ ਨਾਲ ਇਸ ਦੇ ਆਲੇ ਦੁਆਲੇ ਦੇ 20 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲੇਗਾ।
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇਸ ਮੌਕੇ ਦੱਸਿਆ ਕਿ ਇਸ ਇਲਾਕੇ ਦੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਚਲੀ ਆ ਰਹੀ ਸੀ ਕਿ ਕਿਸੇ ਵੇਲੇ ਫੋਕਲ ਪੁਆਇੰਟ ਰਹੇ ਝੰਜੇੜੀ ਦੀ ਇਸ ਮੰਡੀ ਨੂੰ ਮੁੜ ਤੋਂ ਚਾਲੂ ਕਰਕੇ ਉਹਨਾਂ ਨੂੰ ਖਰੜ ਸ਼ਹਿਰ ਦੀ ਮੰਡੀ ਦੇ ਭੀੜ ਭੜੱਕੇ ਤੋਂ ਰਾਹਤ ਦਿੱਤੀ ਜਾਵੇ। ਉਨਾਂ ਵੱਲੋਂ ਇਹ ਮਾਮਲਾ ਮੰਡੀ ਬੋਰਡ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਉਪਰੰਤ ਇਸ ਸੀਜ਼ਨ ਦੌਰਾਨ ਇਸ ਨੂੰ ਆਰਜ਼ੀ ਮੰਡੀ ਵੱਜੋਂ ਚਲਾਉਣ ਦਾ ਫੈਸਲਾ ਲਿਆ ਗਿਆ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਪਿੰਡ ਦੀ ਪੰਚਾਇਤ ਵੱਲੋਂ ਪ੍ਰਗਟਾਈ 12 ਏਕੜ ਜ਼ਮੀਨ ਦੇਣ ਦੀ ਸਹਿਮਤੀ ਅਨੁਸਾਰ ਮੰਡੀ ਬੋਰਡ ਨਾਲ ਤਾਲਮੇਲ ਕਰਕੇ ਹਾੜੀ ਦੇ ਸੀਜਨ ਤੋਂ ਪਹਿਲਾਂ ਇਸ ਨੂੰ ਹੋਰ ਵੱਡਾ ਕਰ ਲਿਆ ਜਾਵੇ।
ਉਹਨਾਂ ਕਿਹਾ ਕਿ ਇਸ ਆਰਜ਼ੀ ਮੰਡੀ ਦੇ ਸ਼ੁਰੂ ਹੋਣ ਨਾਲ ਹੀ ਖਰੜ ਦੀ ਮੰਡੀ ਵਿੱਚ ਹਰ ਸੀਜ਼ਨ ਦੌਰਾਨ ਹੁੰਦੇ ਭੀੜ-ਭੜੱਕੇ ਤੋਂ ਇਸ ਵਾਰ ਵੱਡੀ ਰਾਹਤ ਮਿਲੀ ਹੈ, ਜਿਸ ਦਾ ਖਰੜ ਮੰਡੀ ਦੇ ਆੜਤੀਆਂ ਅਤੇ ਕਿਸਾਨਾਂ ਨੇ ਤਾਂ ਧੰਨਵਾਦ ਕੀਤਾ ਹੀ ਹੈ ਸਗੋਂ ਝੰਜੇੜੀ ਮੰਡੀ ਦੇ ਆਲੇ ਦੁਆਲੇ ਦੇ 20 ਪਿੰਡਾਂ ਦੇ ਲੋਕਾਂ ਨੇ ਵੀ ਬਹੁਤ ਖੁਸ਼ੀ ਮਨਾਈ ਹੈ।
ਇਸ ਮੰਡੀ ਵਿੱਚ ਐਫ ਸੀ ਆਈ ਪਨਸਪ ਅਤੇ ਮਾਰਕਫੈਡ ਵੱਲੋਂ ਖਰੀਦ ਕਾਰਜ ਕੀਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ