ਬਠਿੰਡਾ, 2 ਅਕਤੂਬਰ (ਹਿੰ. ਸ.)। ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ (ਬਠਿੰਡਾ), ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਵੱਲੋਂ ਐਨੀਮਲ ਵੈਲਫੇਅਰ ਡੇ ਦੇ ਮੌਕੇ ‘ਤੇ ਸਰਕਾਰੀ ਮਿਡਲ ਸਕੂਲ ਗ੍ਰਾਉੰਡ, ਫੂਲ, ਰਾਮਪੁਰਾ ਮੰਡੀ ਵਿਖੇ ਜਾਗਰੂਕਤਾ ਕੈਂਪ–ਕਮ–ਇੰਟਰੈਕਸ਼ਨ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਵਿੱਚ ਪਸ਼ੂਆਂ ਪ੍ਰਤੀ ਦਇਆ, ਜ਼ਿੰਮੇਵਾਰੀ ਅਤੇ ਵਿਗਿਆਨਕ ਜਾਗਰੂਕਤਾ ਪੈਦਾ ਕਰਨਾ ਸੀ।ਇਹ ਸਮਾਗਮ ਡਾ. ਰਵਿੰਦਰ ਕੁਮਾਰ, ਡਾ. ਚੇਤਨਾ ਮਹਾਜਨ ਅਤੇ ਡਾ. ਤਨਮੇ ਮੋਂਡਲ ਵੱਲੋਂ ਕੀਤਾ ਗਿਆ, ਜਦਕਿ ਤਕਨੀਕੀ ਸਹਿਯੋਗ ਡਾ. ਹਰਨੀਤ ਕੌਰ, ਡਾ. ਜਸਲੀਨ ਕੌਰ ਅਤੇ ਡਾ. ਰਚਨਾ ਸ਼ਰਮਾ ਵੱਲੋਂ ਦਿੱਤਾ ਗਿਆ।
ਡਾ. ਰਵਿੰਦਰ ਕੁਮਾਰ, ਪ੍ਰੋਫੈਸਰ, ਵਿਭਾਗ ਵੈਟਰਨਰੀ ਫ਼ਿਜ਼ਿਓਲੋਜੀ ਅਤੇ ਬਾਇੋਕੈਮਿਸਟਰੀ ਨੇ ਬੱਚਿਆਂ ਨੂੰ ਪਸ਼ੂਆਂ ਪ੍ਰਤੀ ਹਮਦਰਦੀ ਅਤੇ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਰੋਚਕ ਲੈਕਚਰ ਦਿੱਤਾ। ਇੰਟਰੈਕਟਿਵ ਸੈਸ਼ਨ (ਗੱਲਬਾਤ) ਦੌਰਾਨ ਬੱਚਿਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਪਸ਼ੂ-ਕਲਿਆਣ ਸੰਬੰਧੀ ਵਿਚਾਰ ਪ੍ਰਗਟ ਕੀਤੇ।
ਵਿਦਿਆਰਥੀਆਂ ਨੇ ਨਾਅਰੇ ਲਿਖਣ ਅਤੇ ਕੁਇਜ਼ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ ਤੇ ਜਾਗਰੂਕਤਾ ਦਰਸਾਈ। ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਕੇ ਉਹਨਾਂ ਦੀ ਹੌਸਲਾ-ਅਫਜ਼ਾਈ ਕੀਤੀ ਗਈ, ਤਾਂ ਜੋ ਉਹਨਾਂ ਦੀ ਪਸ਼ੂਆਂ ਦੀ ਦੇਖਭਾਲ ਵੱਲ ਰੁਚੀ ਹੋਰ ਵਧੇ।ਡਾ. ਕੁਲਦੀਪ ਗੁਪਤਾ, ਡੀਨ, ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਨੇ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਰੋਸ਼ਨੀ ਪਾਈ ਕਿ ਇਸ ਤਰ੍ਹਾਂ ਦੇ ਆਊਟਰੀਚ ਪ੍ਰੋਗਰਾਮ ਜ਼ਿੰਮੇਵਾਰ ਭਵਿੱਖ ਦੇ ਨਾਗਰਿਕ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ