ਫਾਜ਼ਿਲਕਾ 8 ਅਕਤੂਬਰ (ਹਿੰ. ਸ.)। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੀ ਪ੍ਰਧਾਨਗੀ ਵਿੱਚ 12 ਤੋਂ 14 ਅਕਤੂਬਰ ਤੱਕ ਚਲਾਏ ਜਾਣ ਵਾਲੇ ਸਪੈਸ਼ਲ ਪਲਸ ਪੋਲੀਓ ਰਾਉਂਡ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਡਾਕਟਰ ਰੋਹਿਤ ਗੋਇਲ ਸਿਵਲ ਸਰਜਨ, ਡਾਕਟਰ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਨ ਅਫ਼ਸਰ ਅਤੇ ਡਾਕਟਰ ਅਰਪਿਤ ਗੁਪਤਾ ਸਹਾਇਕ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਇਹ ਰਾਉਂਡ ਚਲਾਇਆ ਜਾਵੇਗਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੱਲੋ ਹਾਜ਼ਰ ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਇਸ ਨੋਬਲ ਕਾਰਜ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜ਼ੋ ਜ਼ਿਲ੍ਹੇ ਵਿਚ 0 ਤੋਂ 5 ਸਾਲ ਦੀ ਉਮਰ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਡਾਕਟਰ ਰਿੰਕੂ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਪਲਸ ਪੋਲੀਓ ਮੁਹਿੰਮ 12 ਤੋਂ 14 ਅਕਤੂਬਰ 2025 ਤੱਕ ਚਲਾਈ ਜਾਣੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 0 ਤੋਂ 5 ਸਾਲ ਦੀ ਉਮਰ ਤੱਕ ਦੇ ਲਗਭੱਗ 141346 ਬੱਚਿਆਂ ਨੂੰ ਕਵਰ ਕਰਨ ਲਈ 565 ਪੋਲੀਓ ਬੂਥ, 19 ਟਰਾਂਜਿਟ ਪੋਲੀਓ ਬੂਥਾਂ ਦਾ ਗਠਨ ਕੀਤਾ ਗਿਆ ਹੈ ।
ਉਹਨਾਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਦੋਂ ਬੂੰਦਾਂ ਜਰੂਰ ਪਿਲਾਈਆਂ ਜਾਣ । ਬੇਸ਼ੱਕ ਬੱਚਾ ਰੋਜਾਨਾ ਦੀਆਂ ਬੂੰਦਾਂ ਲੈ ਚੁੱਕਾ ਹੋਵੇ, ਭਾਵੇਂ ਬੱਚਾ ਬਿਮਾਰ ਹੋਵੇ, ਭਾਵੇਂ ਦਸਤ ਲੱਗੇ ਹੋਣ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਮੂਹ ਪ੍ਰੋਗ੍ਰਾਮ ਅਫ਼ਸਰ, ਸੀਨੀਅਰ ਮੈਡੀਕਲ ਅਫਸਰਜ਼, ਬਲਾਕ ਐਕਸਟੈਂਸ਼ਨ ਐਜੂਕੇਟਰ, ਜ਼ਿਲ੍ਹਾ ਸਿੱਖਿਆ ਵਿਭਾਗ (ਸੈਕੰਡਰੀ) ਅਤੇ ਪ੍ਰਾਇਮਰੀ, ਜ਼ਿਲ੍ਹਾ ਪੇਂਡੂ ਵਿਕਾਸ ਵਿਭਾਗ, ਜ਼ਿਲ੍ਹਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਬਿਜਲੀ ਬੋਰਡ, ਪੰਜਾਬ ਪੁਲਿਸ, ਮਿਊਸਪਲ ਕਮੇਟੀ, ਫੂਡ ਸਪਲਾਈ ਵਿਭਾਗ, ਬੀ ਐਸ ਐਫ਼, ਟਰਾਂਸਪੋਰਟ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਸ਼ਿਰਕਤ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ