ਜਗਰਾਓ, 8 ਅਕਤੂਬਰ (ਹਿੰ. ਸ.)। ਹਲਕਾ ਜਗਰਾਉਂ ਦੇ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦੇਣ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ 220 ਕੇਵੀ ਗਰਿੱਡ ਜਗਰਾਉਂ ਦੀ ਨਵੀਂ ਬਣੀ ਬਿਲਡਿੰਗ ਅਤੇ ਕਰੋੜਾਂ ਰੁਪਏ ਦੇ ਨਵੇਂ 25 ਬਰੇਕਰਾਂ ਦਾ ਉਦਘਾਟਨ ਕੀਤਾ ਗਿਆ ਅਤੇ ਜਗਰਾਉਂ ਡਵੀਜ਼ਨ ਅੰਦਰ 37.68 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਾਂ ਦੀ ਲੱਡੂ ਵੰਡਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰੱਖੇ ਗਏ ਪ੍ਰਭਾਗਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅਤੇ ਮਾਣਯੋਗ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦੇਣ ਲਈ 'ਬਿਜਲੀ ਕ੍ਰਾਂਤੀ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ 220 ਕੇਵੀ ਗਰਿੱਡ ਜਗਰਾਉਂ ਵਿਖੇ ਅਧੂਰੀ ਪਈ ਨਵੀਂ ਬਿਲਡਿੰਗ ਦਾ ਕੰਮ ਮੁਕੰਮਲ ਕਰਵਾਇਆ ਗਿਆ ਹੈ ਅਤੇ ਗਰਿੱਡ ਅੰਦਰ ਮਿਆਦ ਪੁਗਾ ਚੁੱਕੇ ਬਰੇਕਰਾਂ ਨੂੰ ਬਦਲੀ ਕਰਕੇ ਕਰੋੜਾਂ ਰੁਪਏ ਦੀ ਲਾਗਤ ਨਾਲ 25 ਨਵੇਂ ਬਰੇਕਰ ਸਥਾਪਿਤ ਕਰਵਾਏ ਗਏ ਹਨ, ਤਾਂ ਜੋ ਜਗਰਾਉਂ ਹਲਕੇ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਹਲਕੇ ਅੰਦਰ ਪਿੰਡ ਗਿੱਦੜਵਿੰਡੀ ਵਿਖੇ ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਨਵੇਂ 66 ਕੇਵੀ ਗਰਿੱਡ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਿੰਡ ਬੁਜਰਗ ਵਿੱਚ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਮੰਨਜੂਰੀ ਮਿਲ ਚੁੱਕੀ ਹੈ ਅਤੇ 6.89 ਕਰੋੜ ਰੁਪਏ ਦੀ ਰਕਮ ਵੀ ਜਾਰੀ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਪਿੰਡ ਭੰਮੀਪੁਰਾ ਵਿਖੇ ਵੀ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਮੰਨਜੂਰੀ ਮਿਲ ਚੁੱਕੀ ਹੈ ਅਤੇ 6.62 ਕਰੋੜ ਰੁਪਏ ਦੀ ਰਕਮ ਜਾਰੀ ਹੋ ਚੁੱਕੀ ਹੈ ਅਤੇ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਹਲਕੇ ਲਈ ਨਵੇਂ 37.68 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ ਤਿੰਨ ਨਵੇਂ 11 ਕੇਵੀ ਫੀਡਰਾਂ ਦੀ ਉਸਾਰੀ ਕੀਤੀ ਜਾਵੇਗੀ, 100 ਕੇਵੀਏ ਅਤੇ 200 ਕੇਵੀਏ ਦੇ 40 ਨਵੇਂ ਟਰਾਸਫਾਰਮਰ ਸਥਾਪਿਤ ਕੀਤੇ ਜਾਣਗੇ। ਇਸੇ ਤਰਾਂ ਹੀ ਹਲਕੇ ਦੇ ਹਰੇਕ ਪਿੰਡ ਵਿੱਚ ਇੱਕ ਜਾਂ ਦੋ ਨਵੇਂ ਟਰਾਸਫਾਰਮਰ ਰੱਖੇ ਜਾਣਗੇ ਅਤੇ ਜਗਰਾਉਂ ਡਵੀਜ਼ਨ ਅੰਦਰ 37 ਕਿਲੋ ਮੀਟਰ ਨਵੀਆਂ ਬਿਜਲੀ ਲਾਈਨਾਂ ਦੀ ਉਸਾਰੀ ਕੀਤੀ ਜਾਵੇਗੀ।
ਇਸ ਮੌਕੇ ਐਕਸੀਅਨ ਜਗਰਾਉਂ ਇੰਜ: ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਸਹਿਯੋਗ ਸਦਕਾ ਜਗਰਾਉਂ ਸ਼ਹਿਰ ਵਿੱਚ ਨਵਾਂ 66 ਕੇਵੀ ਗਰਿੱਡ ਸਥਾਪਿਤ ਕਰਨ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਿਰਵਿਘਨ ਤੇ ਪੂਰੀ ਬਿਜਲੀ ਸਪਲਾਈ ਦੇਣ ਲਈ ਨਵੇਂ ਸ਼ੁਰੂ ਕੀਤੇ ਗਏ ਕੰਮਾਂ ਦੀ ਹਰ ਮਹੀਨੇ ਅੱਪਡੇਸ਼ਨ ਕੀਤੀ ਜਾਵੇਗੀ। ਇਸ ਮੌਕੇ ਸਟੇਜ਼ ਦਾ ਸੰਚਾਲਨ ਪਰਮਜੀਤ ਸਿੰਘ ਚੀਮਾਂ ਵੱਲੋਂ ਬਾਖੂਬੀ ਨਿਭਾਇਆ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ