ਲੁਧਿਆਣਾ, 9 ਅਕਤੂਬਰ (ਹਿੰ. ਸ.)। ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਹਲਕੇ ਦੇ ਨੂਰਵਾਲਾ ਰੋਡ, ਕਾਕੋਵਾਲ ਰੋਡ ਵਿਖੇ ਨਵੇਂ ਬਿਜਲੀ ਸਬ-ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਵਿਧਾਇਕ ਗਰੇਵਾਲ ਦੇ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਦੱਸਿਆ ਕਿ ਹਲਕਾ ਪੂਰਬੀ ਅਧੀਨ ਨੂਰਾਵਾਲਾ ਰੋਡ, ਕਾਕੋਵਾਲ ਰੋਡ ਵਿਖੇ ਨਵੇਂ ਸਬ-ਸਟੇਸ਼ਨ ਦੀ ਸੁ਼ਰੂਆਤ ਨਾਲ ਇਲਾਕਾ ਨਿਵਾਸੀਆਂ ਨੂੰ ਬਿਜਲੀ ਸਬੰਧੀ ਆ ਰਹੀ ਮੁਸ਼ਕਿਲ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਇਹਨਾਂ ਇਲਾਕਿਆਂ ਵਿੱਚ ਟਰਾਂਸਫਾਰਮਰ ਅਤੇ ਸੜਕਾਂ ਜਾਂ ਗਲੀਆਂ ਵਿੱਚ ਲਮਕਦੀਆਂ ਤਾਰਾਂ ਨੂੰ ਵੀ ਨਵੇਂ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਤਾਂ ਜੋ ਤਾਰਾਂ ਦੇ ਮੁਹੱਲਿਆਂ ਵਿੱਚ ਬਣੇ ਜਾਲ ਨੂੰ ਖਤਮ ਕੀਤਾ ਜਾ ਸਕੇ।ਵਿਧਾਇਕ ਗਰੇਵਾਲ ਨੇ ਅੱਗੇ ਕਿਹਾ ਕਿ ਸਬਜ਼ੀ ਮੰਡੀ ਬਹਾਦਰ ਕੇ ਰੋਡ, ਰਾਹੋਂ ਰੋਡ ਅਤੇ ਹਲਕਾ ਪੂਰਬੀ ਦੇ ਹਰ ਉਸ ਇਲਾਕੇ ਵਿੱਚ ਜਿੱਥੇ ਬਿਜਲੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਉਸ ਦੀ ਸੂਚੀ ਤਿਆਰ ਕਰਕੇ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵਸਨੀਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ