
ਫ਼ਿਰੋਜ਼ਪੁਰ, 15 ਨਵੰਬਰ (ਹਿੰ. ਸ.)। ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ’ਤੇ ਸਥਿਤ ਪਿੰਡ ਟਿੱਲੂ ਅਰਾਈਂ ਬੱਸ ਅੱਡੇ ਦੇ ਨੇੜੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਸਵਿਫ਼ਟ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਸਵਿਫ਼ਟ ਕਾਰ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਵੱਲ ਜਾ ਰਹੀ ਸੀ, ਜਦਕਿ ਮੋਟਰਸਾਈਕਲ ਸਵਾਰ ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਦੀ ਦਿਸ਼ਾ ਵੱਲ ਆ ਰਹੇ ਸਨ। ਪਿੰਡ ਟਿੱਲੂ ਅਰਾਈਂ ਬੱਸ ਅੱਡੇ ਦੇ ਨੇੜੇ ਦੋਵੇਂ ਵਾਹਨ ਇੱਕ-ਦੂਜੇ ਨਾਲ ਭਿਆਨਕ ਰੂਪ ਵਿੱਚ ਟਕਰਾ ਗਏ।
ਹਾਦਸੇ ਵਿੱਚ ਮੋਟਰਸਾਈਕਲ ਸਵਾਰ ਲਵਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੇਉ ਵਾਲ (ਜ਼ਿਲ੍ਹਾ ਫ਼ਾਜ਼ਿਲਕਾ), ਕੁਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੂੜੇ ਵਾਲਾਂ (ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ) ਅਤੇ ਉਸ ਦੀ ਪਤਨੀ ਮਾਇਆ, ਵਾਸੀ ਬੂੜੇ ਵਾਲਾਂ (ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ) ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ