
ਫਾਜ਼ਿਲਕਾ 16 ਨਵੰਬਰ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਪਿੰਡਾਂ ਵਿਖੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੀ ਪੂਰਤੀ ਕਰਨ ਲਈ ਫੰਡਾਂ ਦੀ ਘਾਟ ਨਹੀਂ ਹੈ। ਪਿੰਡਾਂ ਦੀਆਂ ਸੜਕਾਂ, ਫਿਰਨੀਆਂ, ਗਲੀਆਂ ਨਾਲੀਆਂ ਤੇ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ 1 ਕਰੋੜ 63 ਲੱਖ ਦੀ ਲਾਗਤ ਨਾਲ ਪਿੰਡਾਂ ਵਿਚ ਬਣਨ ਵਾਲੀ ਫਿਰਨੀ ਤੇ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖੇ।
ਵਿਧਾਇਕ ਸਵਨਾ ਨੇ ਦਸਦਿਆਂ ਕਿਹਾ ਕਿ ਪਿੰਡ ਕੋਇਲ ਖੇੜਾ ਵਿਖੇ 54.69 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀ ਫਿਰਨੀ, ਬਕੈਣ ਵਾਲਾ ਵਿਖੇ 38 ਲੱਖ ਨਾਲ ਖੇਡ ਮੈਦਾਨ, ਖਿਓ ਵਾਲੀ ਢਾਬ ਵਿਖੇ 44 ਲੱਖ ਦੀ ਲਾਗਤ ਨਾਲ ਖੇੇਡ ਮੈਦਾਨ ਤੇ ਚਵਾੜਿਆਂ ਵਾਲੀ ਵਿਖੇ 27 ਲੱਖ ਦੀ ਲਾਗਤ ਨਾਲ ਖੇਡ ਮੈਦਾਨ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਫਿਰਨੀ ਬਣਨ ਨਾਲ ਵਸਨੀਕਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ ਤੇ ਆਉਣ—ਜਾਣ ਦੇ ਸਮੇਂ ਵਿਚ ਵੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਖਸਤਾ ਹੋਣ ਕਰਕੇ ਕਈ ਵਾਰ ਜਾਨ ਮਾਲ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਤੋਂ ਇਲਾਵਾ ਨੌਜਵਾਨਾਂ ਦੀ ਐਨਰਜੀ ਨੂੰ ਸਹੀ ਰਾਹੇ ਪਾਉਣ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ ਤਾਂ ਜ਼ੋ ਨੌਜਵਾਨ ਆਪਣੇ ਸਮੇਂ ਨੂੰ ਮੈਦਾਨਾਂ ਵਿਚ ਬਿਤਾਉਣ ਤੇ ਮਾੜੀਆਂ ਆਦਤਾਂ ਵਿਚ ਜਾਣ ਤੋਂ ਬਚੇ ਰਹਿਣ। ਇਸ ਨਾਲ ਜਿਥੇ ਨੌਜਵਾਨ ਖੇਡਾਂ ਨਾਲ ਵੱਧ ਤੋਂ ਵੱਧ ਜੁੜਨਗੇ ਤੇ ਨਸ਼ਿਆਂ ਜਿਹੀਆਂ ਗਲਤ ਕੁਰੀਤੀਆਂ ਤੋਂ ਵੀ ਬਚਣਗੇ।ਉਨ੍ਹਾਂ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ ਤੇ ਭਵਿੱਖ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਸਾਡਾ ਫਰਜ ਬਣਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ