
ਤਰਨ ਤਾਰਨ, 5 ਨਵੰਬਰ (ਹਿੰ. ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ (ਤਰਨ ਤਾਰਨ) ਵਿਖੇ ‘ਦਸਤਾਰਾਂ ਦਾ ਲੰਗਰ’ ਲਗਾਇਆ ਗਿਆ।
ਇਸ ਕੈਂਪ ਵਿਚ 500 ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੇ ਸ਼ਿਰਕਤ ਕਰਦਿਆਂ ਸ਼ਾਨ ਨਾਲ ਦਸਤਾਰਾਂ ਸਜਾਈਆਂ। ਇਸ ਮੌਕੇ 'ਤੇ ਦਸਤਾਰ ਬੰਨ੍ਹਣ ਦੇ ਮਾਹਿਰਾਂ ਨੇ ਨੌਜਵਾਨਾਂ ਨੂੰ ਸਿੱਖੀ ਅਨੁਸਾਰ ਦਸਤਾਰ ਬੰਨ੍ਹਣ ਦੇ ਤਰੀਕੇ ਸਿਖਾਏ ਅਤੇ ਦਸਤਾਰ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਸਰਬਜੀਤ ਸਿੰਘ ਝਿੰਜਰ ਨੇ ਇਸ ਮੌਕੇ ਕਿਹਾ ਕਿ “ਮੇਰੀ ਦਸਤਾਰ ਮੇਰੀ ਸ਼ਾਨ” ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਸਿੱਖੀ ਦੇ ਅਸਲ ਜਜ਼ਬੇ ਨੂੰ ਜਗਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੀ ਦੂਰਦਰਸ਼ੀ ਸੋਚ ਅਨੁਸਾਰ ਨੌਜਵਾਨ ਪੀੜ੍ਹੀ ਨੂੰ ਸਿੱਖੀ, ਸੱਭਿਆਚਾਰ ਅਤੇ ਮੂਲ ਕਦਰਾਂ ਨਾਲ ਜੋੜਨਾ ਹੈ।
ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਮੁਹਿੰਮ ਅੱਗੇ ਵੀ ਨਿਰੰਤਰ ਜਾਰੀ ਰਹੇਗੀ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਤੇ ਪਿੰਡ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇਗਾ। ਯੂਥ ਅਕਾਲੀ ਦਲ ਸਿੱਖ ਕੌਮ ਦੇ ਇਤਿਹਾਸ, ਵਿਰਸੇ ਅਤੇ ਸਵੈਮਾਣ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਨੇ ਵੀ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਯੂਥ ਅਕਾਲੀ ਦਲ ਵੱਲੋਂ ਸਿੱਖ ਨੌਜਵਾਨਾਂ ਨੂੰ ਦਸਤਾਰ ਅਤੇ ਸਿੱਖੀ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਬੀਬੀ ਰੰਧਾਵਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਵਿੱਚ ਸਿੱਖੀ ਪ੍ਰਤੀ ਸ਼ਰਧਾ ਅਤੇ ਮਾਣ ਦਾ ਜਜ਼ਬਾ ਜਗਾਉਂਦੇ ਹਨ। ਉਨ੍ਹਾਂ ਨੇ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਸੇਵਾ ਅਤੇ ਸੱਭਿਆਚਾਰਕ ਜਾਗਰੂਕਤਾ ਰਾਹੀਂ ਪੰਥ ਅਤੇ ਪੰਜਾਬ ਦੀ ਨੌਜਵਾਨ ਤਾਕਤ ਨੂੰ ਇਕ ਨਵੀਂ ਦਿਸ਼ਾ ਦੇਣਾ ਸਮੇਂ ਦੀ ਲੋੜ ਹੈ। ਇਹ ਯਤਨ ਨੌਜਵਾਨ ਪੀੜ੍ਹੀ ਵਿੱਚ ਗੁਰਮਤਿ ਚਾਨਣ ਜਗਾਉਣ ਵੱਲ ਇੱਕ ਮਜ਼ਬੂਤ ਕਦਮ ਹੈ।
ਝਿੰਜਰ ਨੇ ਕਿਹਾ ਕਿ, “ਦਸਤਾਰ ਸਾਡੀ ਪਹਿਚਾਣ, ਸਾਡਾ ਮਾਣ ਅਤੇ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ। ਇਸ ਦੀ ਰੱਖਿਆ ਕਰਨੀ ਹਰ ਸਿੱਖ ਦਾ ਫਰਜ਼ ਹੈ।”
ਝਿੰਜਰ ਨੇ ਕਿਹਾ ਕਿ ਯੂਥ ਅਕਾਲੀ ਦਲ ਸਿਰਫ਼ ਸਿਆਸੀ ਪੱਖ ਤੋਂ ਨਹੀਂ, ਸਗੋਂ ਧਾਰਮਿਕ ਅਤੇ ਸੱਭਿਆਚਾਰਕ ਪੱਖ ਤੋਂ ਵੀ ਸਿੱਖ ਕੌਮ ਦੀ ਰੂਹ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਸ ਨੇ ਸਿੱਖੀ, ਗੁਰਮਤਿ ਅਤੇ ਪੰਜਾਬੀ ਵਿਰਸੇ ਦੀ ਰੱਖਿਆ ਲਈ ਹਮੇਸ਼ਾ ਪਹਿਲ ਕੀਤੀ ਹੈ। ਸਾਡੇ ਵਰਕਰ ਸਿਆਸਤ ਨਹੀਂ, ਸੇਵਾ ਕਰਦੇ ਹਨ — ਗੁਰੂ ਸਾਹਿਬਾਨਾਂ ਦੇ ਆਦਰਸ਼ਾਂ 'ਤੇ ਚੱਲਦਿਆਂ ਪੰਥ ਦੀ ਸੇਵਾ ਕਰਨਾ ਹੀ ਸਾਡਾ ਮਕਸਦ ਹੈ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਸੰਗਤ ਵੱਲੋਂ ਵੱਡੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਦਸਤਾਰਾਂ ਦੇ ਲੰਗਰ ਵਿੱਚ ਸ਼ਾਮਲ ਨੌਜਵਾਨਾਂ ਦੇ ਚਿਹਰਿਆਂ 'ਤੇ ਗੁਰੂ ਸਾਹਿਬ ਪ੍ਰਤੀ ਭਾਵਨਾ, ਮਾਣ ਅਤੇ ਜੋਸ਼ ਸਪੱਸ਼ਟ ਤੌਰ 'ਤੇ ਝਲਕ ਰਿਹਾ ਸੀ। ਬਹੁਤ ਸਾਰੇ ਮਾਪਿਆਂ ਨੇ ਵੀ ਇਸ ਗੱਲ ਉੱਤੇ ਖ਼ੁਸ਼ੀ ਜਤਾਈ ਕਿ ਯੂਥ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖੀ ਨਾਲ ਦੁਬਾਰਾ ਜੋੜ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਸਾਡਾ ਹਰ ਨੌਜਵਾਨ ਦਸਤਾਰਧਾਰੀ, ਅਨੁਸ਼ਾਸਤ ਅਤੇ ਸਿੱਖੀ ਦੇ ਅਸੂਲਾਂ ਨਾਲ ਪ੍ਰੇਰਿਤ ਹੋ ਕੇ ਸਮਾਜ ਲਈ ਰੋਲ ਮਾਡਲ ਬਣੇ।
ਝਿੰਜਰ ਨੇ ਕਿਹਾ ਕਿ “ਮੇਰੀ ਦਸਤਾਰ ਮੇਰੀ ਸ਼ਾਨ” ਮੁਹਿੰਮ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥’ ਤੋਂ ਪ੍ਰੇਰਿਤ ਹੈ — ਜੋ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਮਨੁੱਖਤਾ, ਸੇਵਾ ਅਤੇ ਸੱਚਾਈ ਦੇ ਰਾਹ 'ਤੇ ਚੱਲੀਏ। ਗੁਰੂ ਸਾਹਿਬ ਨੇ ਸਾਨੂੰ ਸਮਾਨਤਾ, ਭਾਈਚਾਰੇ ਅਤੇ ਆਦਰ ਦਾ ਪਾਠ ਪੜ੍ਹਾਇਆ। ਦਸਤਾਰ ਸਿਰਫ਼ ਸਿੱਖ ਦੀ ਸ਼ਾਨ ਹੀ ਨਹੀਂ, ਸਗੋਂ ਉਹ ਸਨੇਹਾ ਵੀ ਹੈ ਜੋ ਸਮਾਜ ਵਿਚ ਆਦਰ, ਸੱਚਾਈ ਅਤੇ ਬਰਾਬਰੀ ਦੀ ਸੋਚ ਨੂੰ ਵਧਾਉਂਦਾ ਹੈ।
ਅਖੀਰ ਵਿੱਚ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਇਹ ਯਾਦ ਦਵਾਉਂਦਾ ਹੈ ਕਿ ਗੁਰਬਾਣੀ ਦਾ ਚਾਨਣ ਸਿਰਫ਼ ਗੁਰਦੁਆਰਿਆਂ ਤੱਕ ਸੀਮਿਤ ਨਹੀਂ, ਸਗੋਂ ਸਾਡੇ ਹਰ ਕਰਮ, ਹਰ ਸੋਚ ਅਤੇ ਹਰ ਕਦਮ ਵਿੱਚ ਰੌਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ “ਮੇਰੀ ਦਸਤਾਰ ਮੇਰੀ ਸ਼ਾਨ” ਮੁਹਿੰਮ ਰਾਹੀਂ ਯੂਥ ਅਕਾਲੀ ਦਲ ਉਹੀ ਚਾਨਣ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ