
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਹਿੰ. ਸ.)।ਸੀ.ਆਰ.ਐਮ. (ਕਰਾਪ ਰੈਜ਼ਡਿਊ ਮੈਨੇਜ਼ਮੈਂਟ) ਸਕੀਮ ਸਾਲ 2025-26 ਅਧੀਨ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ ਆਨਲਾਈਨ ਦਰਖਾਸਤਾਂ ਅਪਲਾਈ ਕੀਤੀਆਂ ਗਈਆਂ ਸਨ। ਇਹਨਾਂ ਅਪਲਾਈ ਹੋਈਆਂ ਦਰਖਾਸਤਾਂ ਦਾ ਤਿੰਨ ਵਾਰ ਕੰਪਿਊਟਰਾਈਜ਼ਡ ਰੈਡੇਮਾਈਜੇਸ਼ਨ ਸਿਸਟਮ ਰਾਂਹੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਸਮੂਹ ਕਮੇਟੀ ਮੈਬਰਾਂ ਦੀ ਮੌਜੂਦਗੀ ਵਿੱਚ ਪਾਰਦਰਸ਼ੀ ਢੰਗ ਨਾਲ ਸੀਨੀਆਰਤਾ ਸੂਚੀ ਤਿਆਰ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਤਿਆਰ ਕੀਤੀ ਇਸ ਸੂਚੀ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਮਸ਼ੀਨਾਂ ’ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੱਤੇ ਕਿ ਇਹਨਾਂ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਵੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਕਿਰਾਏ ’ਤੇ ਵੀ ਮੁੱਹਈਆ ਕਰਵਾਈਆ ਜਾ ਰਹੀਆਂ ਹਨ ਤਾਂ ਜੋ ਅੱਗ ਲੱਗਣ ਦੀ ਘਟਨਾਵਾ ਨੂੰ ਠੱਲ ਪਾਈ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਮਸ਼ੀਨਾਂ ’ਤੇ ਸਬਸਿਡੀ ਲਈ ਐਸ.ਸੀ. ਕਿਸਾਨਾਂ ਲਈ ਪੋਰਟਲ ਦੁਬਾਰਾ ਖੋਲਿਆ ਗਿਆ ਸੀ ਜਿਸ ਅਧੀਨ 03 ਨਵੰਬਰ 2025 ਤੱਕ ਆਨਲਾਈਨ ਦਰਸਾਖਤਾਂ ਦੀ ਮੰਗ (ਸਿਵਾਏ ਤਰਨ ਤਾਰਨ) ਆਨਲਾਈਨ ਪੋਰਟਲ agrimachinerypb.com ’ਤੇ ਕੀਤੀ ਗਈ ਸੀ।
ਉਨ੍ਹਾਂ ਵੱਲੋਂ ਅਪਲਾਈ ਹੋਈਆਂ ਦਰਖਾਸਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸਟਮ ਹਾਈਰਿੰਗ ਸੈਂਟਰ (ਇਨ-ਸੀਟੂ) ਅਧੀਨ 166 ਦਰਖਾਸਤਾਂ ਅਤੇ ਐਕਸ ਸੀਟੂ ਅਧੀਨ 233 ਦਰਖਾਸਤਾਂ ਅਤੇ ਵਿਅਕਤਗਤ ਸ੍ਰੇਣੀ ਲਈ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਉਪਲੱਬਧ ਹਨ 201 ਦਰਖਾਸਤਾਂ ਅਤੇ ਜਿਨ੍ਹਾਂ ਕੋਲ ਟਰੈਕਟਰ ਉਪਲੱਬਧ ਨਹੀਂ ਹਨ 52 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਜੋ ਕਿਸਾਨ ਸਰਕਾਰ ਵੱਲੋਂ ਸੀ.ਆਰ.ਐਮ. ਸਕੀਮ ਅਧੀਨ ਜਾਰੀ ਸ਼ਰਤਾਂ ਨੂੰ ਪੂਰੀਆਂ ਕਰਨਗੇ ਉਨ੍ਹਾਂ ਨੂੰ ਪ੍ਰਾਪਤ ਫੰਡ ਅਨੁਸਾਰ ਸੈਕਸ਼ਨ ਪੱਤਰ ਜਾਰੀ ਕਰ ਦਿੱਤੇ ਜਾਣਗੇ। ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ