
ਫਤਹਿਗੜ੍ਹ ਸਾਹਿਬ, 7 ਨਵੰਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸਿ਼ਆਂ ਦੇ ਖਾਤਮੇ ਲਈ ਜਾਰੀ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਲਈ ਪਿੰਡਾਂ ਦੇ ਪਹਿਰੇਦਾਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ ਅਤੇ ਪਿੰਡਾਂ ਵਿੱਚ ਕਾਰਜਸ਼ੀਲ ਪੇਂਡੂ ਡਿਫੈਂਸ ਕਮੇਟੀਆਂ ਤੇ ਸ਼ਹਿਰਾਂ ਵਿੱਚ ਸਰਗਰਮ ਵਾਰਡ ਡਿਫੈਂਸ ਕਮੇਟੀਆਂ ਦੇ ਇਨ੍ਹਾਂ ਸਰਗਰਮ ਪਹਿਰੇਦਾਰਾਂ ਨੂੰ ਵਧੇਰੇ ਮਜ਼ਬੂਤ ਕਰਨ ਲਈ ਉਪਰਾਲੇ ਜੋਸ਼ੋ ਖਰੋਸ਼ ਨਾਲ ਜਾਰੀ ਹਨ। ਇਹ ਪ੍ਰਗਟਾਵਾ ਅੱਜ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਦੇ ਆਡੀਟੋਰੀਅਮ ਵਿੱਚ ਜਿ਼ਲ੍ਹਾ ਪ੍ਰਸ਼ਾਸਨ ਤੇ ਨਸ਼ਾ ਮੁਕਤੀ ਮੋਰਚਾ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਪੇਂਡੂ ਤੇ ਵਾਰਡ ਡਿਫੈਂਸ ਕਮੇਟੀ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਪਹਿਰੇਦਾਰ, ਨਸਿ਼ਆਂ ਦੇ ਖਾਤਮੇ ਲਈ ਅੱਖਾਂ ਤੇ ਕੰਨਾਂ ਵਜੋਂ ਸ਼ਾਨਦਾਰ ਭੂਮਿਕਾ ਅਦਾ ਕਰ ਰਹੇ ਹਨ ਅਤੇ ਇਨ੍ਹਾਂ ਦੇ ਨਿਰੰਤਰ ਉਦਮ ਸਦਕਾ ਹੀ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚੋਂ ਪੁਲਿਸ ਪ੍ਰਸ਼ਾਸਨ ਨੇ ਨਸਿ਼ਆਂ ਦੇ ਕਾਲੇ ਕਾਰੋਬਾਰ ਦਾ ਖਾਤਮਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਥੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਥੇ ਹੀ ਨਸਿ਼ਆਂ ਦੀ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਢਾਹਿਆ ਜਾ ਰਿਹਾ ਹੈ ਅਤੇ ਨਸ਼ਾ ਪੀੜਤ ਲੋਕਾਂ ਦਾ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕਰਵਾ ਕੇ ਸਿਹਤਯਾਬ ਕੀਤਾ ਜਾ ਰਿਹਾ ਹੈ।
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਨੇ ਟੀਚਾ ਮਿੱਥਿਆ ਹੋਇਆ ਹੈ ਕਿ ਜਨਤਾ ਦੇ ਭਰਵੇਂ ਸਹਿਯੋਗ ਨਾਲ ਨਸਿ਼ਆਂ ਨੂੰ ਮੁਕੰਮਲ ਤੌਰ 'ਤੇ ਖਤਮ ਕੀਤਾ ਜਾਵੇ ਅਤੇ ਹਲਕਾ ਫਤਹਿਗੜ੍ਹ ਸਾਹਿਬ ਦੇ ਨਾਗਰਿਕਾਂ ਦੇ ਸਹਿਯੋਗ ਨਾਲ ਅਸੀਂ ਵੀ ਇਸ ਧਰਤੀ ਤੋਂ ਨਸਿ਼ਆਂ ਦੇ ਕਲੰਕ ਨੂੰ ਮੁਕੰਮਲ ਤੌਰ 'ਤੇ ਧੋਣ ਲਈ ਵਚਨਬੱਧ ਹਾਂ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੇਂਡੂ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਨਸਿ਼ਆਂ ਦੇ ਖਾਤਮੇ ਲਈ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ 'ਤੇ ਤੁਰੰਤ ਅਸਰ ਕਰਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਨਸਿ਼ਆਂ ਖਿਲਾਫ ਇਹ ਸਾਂਝੀ ਲੜਾਈ ਹੈ ਜਿਸ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸਿ਼ਆਂ ਦੀ ਇਸ ਜੰਗ ਵਿੱਚ ਨਸ਼ਾ ਵੇਚਣ ਵਾਲੇ ਮੌਤ ਦੇ ਸੌਦਾਗਰ ਹਨ ਜਿਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਸਮੇਂ ਦੀ ਅਹਿਮ ਲੋੜ ਹੈ ਤਾਂ ਜੋ ਸਾਡੀਆਂ ਨੌਜਵਾਨ ਪੀੜ੍ਹੀਆਂ ਸਿਹਤਯਾਬ ਜੀਵਨ ਜਿਊ ਸਕਣ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਜਿ਼ਲ੍ਹਾ ਕੋਆਰਡੀਨੇਟਰ ਓਂਕਾਰ ਸਿੰਘ ਚੌਹਾਨ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਮੁਹਿੰਮ ਹੈ ਜਿਸ ਵਿੱਚ ਲੋਕਾਂ ਤੋਂ ਮਿਲੇ ਭਰਵੇਂ ਸਹਿਯੋਗ ਲਈ ਉਹ ਧੰਨਵਾਦੀ ਹਨ। ਇਹ ਇੱਕ ਸਾਂਝਾ ਉਦਮ ਹੈ ਜਿਸ ਵਿੱਚ ਸਿਆਸਤ ਤੋਂ ਉਪਰ ਉਠ ਕੇ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪਿੰਡਾਂ ਦੀ ਉਹ ਢਾਲ ਹੋ ਜੋ ਨਸ਼ਾ ਤਸਕਰਾਂ ਨੂੰ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ 'ਤੇ ਪੈਰ ਨਹੀਂ ਰੱਖਣ ਦੇਵੇਗੀ। ਚੌਹਾਨ ਨੇ ਕਿਹਾ ਕਿ ਸ਼ਨਾਖਤੀ ਕਾਰਡ ਕੇਵਲ ਸ਼ਨਾਖਤ ਲਈ ਨਹੀਂ ਹਨ ਬਲਕਿ ਇਹ ਵਿਸ਼ਵਾਸ ਤੇ ਜਿੰਮੇਵਾਰੀ ਦੇ ਪ੍ਰਤੀਕ ਹਨ ਜਿਸ ਤਹਿਤ ਨਸ਼ਾ ਤਸਕਰੀ ਜਾਂ ਨਸ਼ੇ ਨਾਲ ਸਬੰਧਤ ਸੂਚਨਾਵਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦੇਣੀਆਂ ਹਨ ਅਤੇ ਨਸਿ਼ਆਂ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਉਣ ਦੇ ਨਾਲ ਨਾਲ ਨਸਿ਼ਆਂ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਦੇ ਰਹਿਣਾ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਦੇ ਵੀਡੀਓ ਸੰਦੇਸ਼ ਵੀ ਸਕਰੀਨ ਰਾਹੀਂ ਪ੍ਰਸਾਰਿਤ ਕੀਤੇ ਗਏ।
ਇਸ ਮੌਕੇ ਐਸ.ਡੀ.ਐਮ ਅਰਵਿੰਦ ਗੁਪਤਾ, ਡੀ.ਐਸ.ਪੀ ਕੁਲਬੀਰ ਸਿੰਘ ਸੰਧੂ, ਹਲਕਾ ਕੋਆਰਡੀਨੇਟਰ ਬਲਦੇਵ ਜਲਾਲ ਨੇ ਵੀ ਸੰਬੋਧਨ ਕੀਤਾ। ਜਲਾਲ ਨੇ ਮੈਂਬਰਾਂ ਨੂੰ ਯੁੱਧ ਨਸਿ਼ਆਂ ਵਿਰੁੱਧ ਐਪ ਦੀ ਵਰਤੋਂ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਇਸ ਦੌਰਾਨ ਐਪ ਬਾਰੇ ਸਿਖਲਾਈ ਦੇਣ ਦੇ ਨਾਲ ਨਾਲ ਪਛਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ ਅਤੇ ਕਾਰਜਸ਼ੈਲੀ ਬਾਰੇ ਬੁਕਲੈਟ ਵੰਡੀਆਂ ਗਈਆਂ।
ਹਲਕਾ ਫਤਹਿਗੜ੍ਹ ਸਾਹਿਬ ਦੇ ਵੀ.ਡੀ.ਸੀ ਮੈਂਬਰਾਂ ਨੇ ਨਸਿ਼ਆਂ ਦੇ ਖਾਤਮੇ ਲਈ ਇਕਜੁਟ ਹੋਣ ਦਾ ਵਿਸ਼ਵਾਸ ਦਿਵਾਇਆ।
ਸਮਾਗਮ ਦੌਰਾਨ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ, ਜ਼ਿਲ੍ਹਾ ਵਾਈਸ ਕੋ-ਆਰਡੀਨੇਟਰ ਸੁਖਵਿੰਦਰ ਸਿੰਘ ਬੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਅਧਿਕਾਰੀ ਤੇ ਵੀ.ਡੀ.ਸੀ ਮੈਂਬਰ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ