
ਗਾਂਧੀਨਗਰ, 9 ਨਵੰਬਰ (ਹਿੰ.ਸ.)। ਗੁਜਰਾਤ ਵਿੱਚ ਵੱਡੇ ਅੱਤਵਾਦੀ ਹਮਲੇ ਦਾ ਪਰਦਾਫਾਸ਼ ਹੋਇਆ ਹੈ। ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਗਾਂਧੀਨਗਰ ਦੇ ਅਡਾਲਜ ਟੋਲ ਪਲਾਜ਼ਾ ਤੋਂ ਕਾਬੂ ਤਿੰਨ ਅੱਤਵਾਦੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ। ਆਧੁਨਿਕ ਪਿਸਤੌਲ ਸਮੇਤ ਜ਼ਹਿਰੀਲਾ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਸਮੇਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੁਜਰਾਤ ਏ.ਟੀ.ਐਸ. ਨੇ ਡਾ. ਅਹਿਮਦ ਮੋਹੀਉਦੀਨ ਸਈਦ ਪੁੱਤਰ ਅਬਦੁਲ ਖਾਦਰ ਜਿਲਾਨੀ, ਮੁਹੰਮਦ ਸੁਹੇਲ ਪੁੱਤਰ ਮੁਹੰਮਦ ਸੁਲੇਮਾਨ ਅਤੇ ਆਜ਼ਾਦ ਪੁੱਤਰ ਸੁਲੇਮਾਨ ਸੈਫੀ ਨਾਮ ਦੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਦੋ ਗਲੌਕ ਪਿਸਤੌਲ, ਇੱਕ ਬੇਰੇਟਾ ਪਿਸਤੌਲ, 30 ਜ਼ਿੰਦਾ ਕਾਰਤੂਸ ਅਤੇ 4 ਲੀਟਰ ਕੈਸਟਰ ਆਇਲ ਬਰਾਮਦ ਕੀਤਾ ਗਿਆ।ਗ੍ਰਿਫ਼ਤਾਰ ਕੀਤੇ ਗਏ ਡਾ. ਅਹਿਮਦ ਮੋਹੀਉਦੀਨ ਅਬਦੁਲ ਖਾਦਰ ਜਿਲਾਨੀ ਹੈਦਰਾਬਾਦ ਦਾ ਰਹਿਣ ਵਾਲਾ ਹੈ। ਮੁਹੰਮਦ ਸੁਹੇਲ ਮੁਹੰਮਦ ਸੁਲੇਮਾਨ ਅਤੇ ਆਜ਼ਾਦ ਸੁਲੇਮਾਨ ਸੈਫੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਤਿੰਨੋਂ ਹੀ ਲਗਭਗ 25 ਸਾਲ ਦੇ ਦੱਸੇ ਜਾ ਰਹੇ ਹਨ।
ਗੁਜਰਾਤ ਏ.ਟੀ.ਐਸ. ਨੇ ਦੱਸਿਆ ਕਿ ਤਿੰਨਾਂ ਨੂੰ ਹਥਿਆਰ ਸਪਲਾਈ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ। ਆਈਐਸਆਈਐਸ ਨਾਲ ਜੁੜੇ ਇਹ ਤਿੰਨੋਂ ਅੱਤਵਾਦੀ ਗੁਜਰਾਤ ਵਿੱਚ ਸਾਈਨਾਈਡ ਤੋਂ ਵੀ ਜਿਆਦਾ ਖ਼ਤਰਨਾਕ ਜ਼ਹਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗੁਜਰਾਤ ਏਟੀਐਸ ਨੇ ਉਨ੍ਹਾਂ ਨੂੰ ਰਾਜ ਵਿੱਚ ਕੋਈ ਵੱਡਾ ਹਮਲਾ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ