ਅੰਮਰੁਤ-02 ਸਕੀਮ ਤਹਿਤ ਸੀਵਰੇਜ਼ ਪਾਉਣ ਦਾ ਕੰਮ ਮਿੱਥੇ ਸਮੇਂ ਵਿੱਚ ਕੀਤਾ ਜਾਵੇ ਮੁਕੰਮਲ: ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ, 26 ਦਸੰਬਰ (ਹਿੰ. ਸ.)। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 138 ਕਰੋੜ ਦੇ ਸੀਵਰੇਜ ਦੀਆਂ ਪਾਈਪਾਂ ਪਾਉਣ ਵਾਲੇ ਅੰਮਰੁਤ-02 ਸਕੀਮ ਤਹਿਤ ਚੱਲ ਰਹੇ ਕੰਮਾਂ ਨੂੰ ਲੋਕਾਂ ਦੀ ਘੱਟ ਤੋਂ ਘੱਟ ਖੱਜਲ-ਖੁਆਰੀ ਨਾਲ ਮਿੱਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ, ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮ
ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 138 ਕਰੋੜ ਦੇ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਚੱਲ ਰਹੇ ਕੰਮ ਦਾ ਦ੍ਰਿਸ਼।


ਸ੍ਰੀ ਮੁਕਤਸਰ ਸਾਹਿਬ, 26 ਦਸੰਬਰ (ਹਿੰ. ਸ.)। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 138 ਕਰੋੜ ਦੇ ਸੀਵਰੇਜ ਦੀਆਂ ਪਾਈਪਾਂ ਪਾਉਣ ਵਾਲੇ ਅੰਮਰੁਤ-02 ਸਕੀਮ ਤਹਿਤ ਚੱਲ ਰਹੇ ਕੰਮਾਂ ਨੂੰ ਲੋਕਾਂ ਦੀ ਘੱਟ ਤੋਂ ਘੱਟ ਖੱਜਲ-ਖੁਆਰੀ ਨਾਲ ਮਿੱਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ, ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਨੇ ਇਸ ਸਕੀਮ ਵਿੱਚ ਸ਼ਾਮਲ ਸਾਰੇ ਵਿਭਾਗਾਂ ਦੇ ਨੁਮਾਂਇੰਦਿਆਂ ਨੂੰ ਆਪਸ ਵਿੱਚ ਹੋਰ ਜਿਆਦਾ ਤਾਲਮੇਲ ਨਾਲ ਕੰਮ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਕੁਝ ਮੁਹੱਲਿਆਂ ਅਤੇ ਸੜਕਾਂ ’ਤੇ ਕੰਮ ਦੌਰਾਨ ਟ੍ਰੈਫਿਕ ਦੀ ਸਮੱਸਿਆ ਦਰਪੇਸ਼ ਆ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭੀੜ-ਭਾੜ ਵਾਲੇ ਇਲਾਕਿਆਂ, ਸੰਘਣੀ ਆਬਾਦੀ ਵਾਲੇ ਮੁਹੱਲੇ ਅਤੇ ਬਾਜ਼ਾਰਾਂ ਵਿੱਚ ਪਾਈਪਾਂ ਪਾਉਣ ਵੇਲੇ ਲੋਕਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਡਾ. ਕੇਹਰ ਸਿੰਘ ਚੌਂਕ ਤੋਂ ਦੁਸ਼ਹਿਰਾ ਗਰਾਉਂਡ ਤੱਕ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਿਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਨਹੀਂ ਹੈ ਉੱਥੇ ਨਵੀਆਂ ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਅਤੇ ਜਿੱਥੇ ਅਜਿਹੀਆਂ ਪਾਈਪਾਂ ਪੁਰਾਣੀਆਂ ਹੋ ਗਈਆਂ ਹਨ ਉਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ।

ਜੇਕਰ ਕੰਮ ਦੇ ਹਿਸਾਬ ਨਾਲ ਵੇਖੀਏ ਤਾਂ ਸਭ ਤੋਂ ਵੱਡਾ ਸੀਵਰੇਜ ਸਪੈਸ਼ਲ ਪਾਈਪ ਪਾਉਣ ਦਾ ਕੰਮ ਕੋਟਕਪੂਰਾ ਰੋਡ, ਬਠਿੰਡਾ ਰੋਡ, ਮਾਡਲ ਟਾਊਨ, ਅੰਬੇਦਕਰ ਨਗਰ, ਆਦਰਸ਼ ਨਗਰ, ਭੁੱਲਰ ਕਲੌਨੀ, ਯੋਧੂ ਕਲੌਨੀ, ਮੇਨ ਮਾਰਕਿਟ, ਟਿੱਬੀ ਸਾਹਿਬ ਰੋਡ, ਬਾਗ ਵਾਲੀ ਗਲੀ ਅਤੇ ਜਲਾਲਾਬਾਦ ਰੋਡ ’ਦੇ ਇਲਾਕਾ ਨਿਵਾਸੀਆਂ ਲਈ ਚੱਲ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਜੋ ਸੀਵਰੇਜ ਓਵਰਫਲੋਅ ਦੀ ਸਮੱਸਿਆ ਆ ਰਹੀ ਸੀ ਉਹ ਹੁਣ ਪੱਕੇ ਤੌਰ ’ਤੇ ਖਤਮ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਦੀਆਂ ਸਪੈਸ਼ਲ ਪਾਈਪਾਂ ਪਾ ਕੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਬੱਲਮਗੜ੍ਹ ਅਤੇ ਜਲਾਲਾਬਾਦ ਰੋਡ ’ਤੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਛੱਡਿਆ ਜਾਵੇਗਾ। ਇਸ ਤੋ ਇਲਾਵਾ ਸ਼ਹਿਰ ਦੇ ਪੁਰਾਣੇ ਇਲਾਕੇ ਜਿਵੇਂ ਕਿ ਮੇਨ ਬਾਜ਼ਾਰ, ਰੇਲਵੇ ਰੋਡ, ਅਬੋਹਰ ਰੋਡ, ਬੈਂਕ ਰੋਡ, ਗੁਰਦੁਆਰਾ ਸਾਹਿਬ ਦੇ ਆਸਪਾਸ ਦਾ ਏਰੀਆ, ਮੋਹਨ ਲਾਲ ਸਟ੍ਰੀਟ ਵਿੱਚ ਵਾਟਰ ਸਪਲਾਈ ਦੀ ਸੀਵਰ ਨਾਲ ਮਿਕਸਿੰਗ ਦੀ ਸਮੱਸਿਆ ਦੂਰ ਕਰਨ ਲਈ ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਅਤੇ ਨਵਾਂ ਸੀਵਰ ਪਾਇਆ ਜਾਣਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande