
ਗੁਰਦਾਸਪੁਰ, 30 ਦਸੰਬਰ (ਹਿੰ. ਸ.)। ਮਾਨਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਮੁੱਖ ਚੋਣ ਅਫ਼ਸਰ, ਪੰਜਾਬ ਸਕੱਤਰ ਸਿੰਘ ਬੱਲ, ਪੀ.ਸੀ.ਐਸ. ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਹਾਲ ਨੰ: 221 ਬਲਾਕ-ਬੀ ਵਿਖੇ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗੁਰਸਿਮਰਨ ਸਿੰਘ ਢਿੱਲੋਂ, ਪੀ.ਸੀ.ਐਸ. ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਮਨਜਿੰਦਰ ਸਿੰਘ ਬਾਜਵਾ ਚੋਣ ਤਹਿਸੀਲਦਾਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।
ਵੋਟਿੰਗ ਮਸ਼ੀਨਾਂ ਦੇ ਵੇਅਰ ਹਾਊਸ ਦੇ ਨਿਰੀਖਣ ਦੌਰਾਨ ਸੰਯੁਕਤ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ ਨੇ ਵੇਅਰ ਹਾਊਸ ਦੀ ਲਾਗ-ਬੁੱਕ ਚੈੱਕ ਕਰਨ ਦੇ ਨਾਲ ਸਟਾਕ ਰਜਿਸਟਰ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਵੇਅਰਹਾਊਸ ਵਿੱਚ ਲਗਾਏ ਅੱਗ ਬਝਾਊ ਯੰਤਰਾਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਵੀ ਕੀਤੀ।
ਉਨ੍ਹਾਂ ਕਿਹਾ ਕਿ ਵੇਅਰ ਹਾਊਸ ਵਿੱਚ ਵੋਟਿੰਗ ਮਸ਼ੀਨਾਂ ਦੇ ਰੱਖ-ਰਖਾਵ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਇਸ ਮੌਕੇ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੇਅਰਹਾਊਸ ਦੇ ਪ੍ਰਬੰਧਾਂ ਬਾਰੇ ਆਪਣੀ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਚੋਣ ਪ੍ਰਣਾਲੀ ਸਬੰਧੀ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ