
ਅੰਮ੍ਰਿਤਸਰ, 29 ਦਸੰਬਰ (ਹਿੰ. ਸ.)। ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕਾ ਘਰ ਮੁਹੱਈਆ ਕਰਨ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਅੰਮ੍ਰਿਤਸਰ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਪੀਐਮਏਵਾਈ (PMAY) ਦੇ ਤਹਿਤ ਨਵੀਂ ਉਸਾਰੀ ਲਈ 400 ਲਾਭਪਾਤਰੀਆਂ ਨੂੰ ਚੈੱਕ ਵੰਡੇ।
ਸੰਧੂ ਨੇ ਇਸ ਮੌਕੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹਲਕੇ ਵਿੱਚ ਸਰਕਾਰ ਦੀਆਂ ਹਾਊਸਿੰਗ ਸਕੀਮਾਂ ਬਾਰੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਸੀ। ਲੋੜਵੰਦ ਪਰਿਵਾਰਾਂ ਕੋਲੋਂ ਸਰਕਾਰੀ ਹਿਸੇਦਾਰੀ ਲਈ ਬਿਨੈ ਪੱਤਰ ਭਰਵਾਏ ਗਏ ਅਤੇ ਨਗਰ ਨਿਗਮ ਦੀ ਟੀਮ ਦੇ ਨਿਰੰਤਰ ਫਾਲੋਅਪ ਨਾਲ ਅੱਜ ਇਹ ਮਹੱਤਵਪੂਰਨ ਪ੍ਰਾਪਤੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਗਰੀਬ ਪਰਿਵਾਰਾਂ ਨੂੰ ਆਪਣੇ ਸੁਪਨੇ ਦਾ ਘਰ ਬਣਾਉਣ ਵਿੱਚ ਵੱਡੀ ਸਹਾਇਤਾ ਦੇਵੇਗੀ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਇਸ ਸਕੀਮ ਵਿੱਚ ਇੱਕ ਇਤਿਹਾਸਕ ਫ਼ੈਸਲਾ ਕੀਤਾ ਹੈ। ਜਿੱਥੇ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਸਰਕਾਰ ਦਾ ਹਿੱਸਾ ਸਿਰਫ਼ 25 ਹਜ਼ਾਰ ਰੁਪਏ ਹੁੰਦਾ ਸੀ, ਮਾਨ ਸਰਕਾਰ ਨੇ ਇਸਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਹੈ। ਇਸ ਨਾਲ ਹਜ਼ਾਰਾਂ ਗਰੀਬ ਪਰਿਵਾਰਾਂ ਲਈ ਨਵੀਂ ਉਸਾਰੀ ਹੁਣ ਹੋਰ ਵੀ ਆਸਾਨ ਅਤੇ ਸੁਗਮ ਬਣੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਲੋਕ-ਪੱਖੀ ਨੀਤੀਆਂ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮਜ਼ਬੂਤ ਕਰਨਾ ਹੈ। ਮਕਾਨ, ਸਿਹਤ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਮਾਨ ਸਰਕਾਰ ਦੀ ਪ੍ਰਾਥਮਿਕਤਾ ਹੈ। ਉਹਨਾਂ ਨੇ ਕਿਹਾ ਕਿ ਹਰ ਹੱਕਦਾਰ ਦੇ ਘਰ ਤੱਕ ਯੋਜਨਾ ਦਾ ਲਾਭ ਪਹੁੰਚੇ, ਇਸਨੂੰ ਯਕੀਨੀ ਬਣਾਉਣ ਲਈ ਅੱਗੇ ਵੀ ਸਖ਼ਤ ਮਿਹਨਤ ਜਾਰੀ ਰਹੇਗੀ।
ਅੰਤ ਵਿੱਚ ਸੰਧੂ ਨੇ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਸਿਰਫ਼ ਵਿੱਤੀ ਮਦਦ ਨਹੀਂ, ਸਗੋਂ ਗਰੀਬ ਪਰਿਵਾਰਾਂ ਨੂੰ ਇਜ਼ਤਦਾਰ ਜੀਵਨ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਪੈਂਡਿੰਗ ਹੋਰ ਕੇਸਾਂ ਨੂੰ ਵੀ ਜਲਦੀ ਪ੍ਰੋਸੈਸ ਕਰਕੇ ਹੋਰ ਲਾਭਪਾਤਰੀਆਂ ਨੂੰ ਵੀ ਇਸ ਯੋਜਨਾ ਦਾ ਫ਼ਾਇਦਾ ਪਹੁੰਚਾਇਆ ਜਾਵੇਗਾ। ਸੰਧੂ ਨੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ