ਮੁੰਬਈ, 27 ਮਾਰਚ (ਹਿੰ.ਸ.)। ਮਲਿਆਲਮ ਸਿਨੇਮਾ ਦੇ ਸੁਪਰਸਟਾਰ ਮੋਹਨ ਲਾਲ ਦੀ ਬਹੁ-ਉਡੀਕੀ ਫਿਲਮ 'L2: ਐਮਪੁਰਾਣ' ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਇਹ ਫਿਲਮ ਅੱਜ 27 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਦੌਰਾਨ, ਇੱਕ ਖ਼ਬਰ ਨੇ ਨਿਰਮਾਤਾਵਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਖ਼ਬਰ ਹੈ ਫਿਲਮ 'L2: ਐਮਪੁਰਾਣ' ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਔਨਲਾਈਨ ਲੀਕ ਹੋ ਗਈ ਹੈ।
ਰਿਪੋਰਟਾਂ ਦੇ ਅਨੁਸਾਰ, 'L2: ਐਮਪੁਰਾਣ' ਟੈਲੀਗ੍ਰਾਮ, ਫਿਲਮੀਜ਼ਿਲਾ, ਤਮਿਲਰੋਕਰਸ ਅਤੇ ਮੂਵਰੁਲਜ਼ ਵਰਗੀਆਂ ਕਈ ਪਾਈਰੇਟਿਡ ਸਾਈਟਾਂ 'ਤੇ ਐਚਡੀ ਪ੍ਰਿੰਟ ਵਿੱਚ ਲੀਕ ਹੋ ਗਈ ਹੈ। ਲੋਕ ਇਸਨੂੰ ਇਨ੍ਹਾਂ ਪਲੇਟਫਾਰਮਾਂ ਤੋਂ ਡਾਊਨਲੋਡ ਕਰਕੇ ਮੁਫ਼ਤ ਵਿੱਚ ਦੇਖ ਰਹੇ ਹਨ, ਜਿਸ ਨਾਲ ਸਿਨੇਮਾਘਰਾਂ ਵਿੱਚ ਫਿਲਮ ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਫਿਲਮ ਵਿੱਚ ਮੋਹਨ ਲਾਲ ਦੇ ਨਾਲ ਪ੍ਰਿਥਵੀਰਾਜ ਸੁਕੁਮਾਰਨ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।
ਫਿਲਮ 'L2: ਐਮਪੁਰਾਣ' ਦਾ ਨਿਰਦੇਸ਼ਨ ਖੁਦ ਪ੍ਰਿਥਵੀਰਾਜ ਸੁਕੁਮਾਰਨ ਨੇ ਕੀਤਾ ਹੈ। ਇਹ ਫਿਲਮ ਸਾਲ 2019 ਵਿੱਚ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਲੂਸੀਫਰ' ਦਾ ਸੀਕਵਲ ਹੈ, ਜਿਸਨੇ ਬਾਕਸ ਆਫਿਸ 'ਤੇ 127 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਪਹਿਲੇ ਭਾਗ ਦਾ ਨਿਰਦੇਸ਼ਨ ਵੀ ਪ੍ਰਿਥਵੀਰਾਜ ਨੇ ਹੀ ਕੀਤਾ ਸੀ। ਉਹ ਇਸ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ਦੀ ਪੁਸ਼ਟੀ ਕਰ ਚੁੱਕੇ ਹਨ ਅਤੇ ਇਸਦੀ ਕਹਾਣੀ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ