ਨਵੀਂ ਦਿੱਲੀ, 1 ਅਪ੍ਰੈਲ (ਹਿੰ.ਸ.)। ਕ੍ਰੇਗ ਬ੍ਰੈਥਵੇਟ ਨੇ ਵੈਸਟਇੰਡੀਜ਼ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਬ੍ਰੈਥਵੇਟ ਨੇ ਚਾਰ ਸਾਲ ਟੀਮ ਦੀ ਅਗਵਾਈ ਕੀਤੀ। ਉੱਥੇ ਹੀ, ਸ਼ਾਈ ਹੋਪ ਨੂੰ ਵੈਸਟਇੰਡੀਜ਼ ਟੀ-20 ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਕ੍ਰਿਕਟ ਵੈਸਟ ਇੰਡੀਜ਼ (ਸੀਡਬਲਯੂਆਈ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
32 ਸਾਲਾ ਬ੍ਰੈਥਵੇਟ ਨੂੰ ਮਾਰਚ 2021 ਵਿੱਚ ਜੇਸਨ ਹੋਲਡਰ ਦੀ ਥਾਂ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਦੂਜੇ ਪਾਸੇ, ਸ਼ਾਈ ਹੋਪ, ਜੋ ਪਹਿਲਾਂ ਹੀ ਇੱਕ ਰੋਜ਼ਾ ਟੀਮ ਦੇ ਕਪਤਾਨ ਹਨ, ਹੁਣ ਰੋਵਮੈਨ ਪਾਵੇਲ ਦੀ ਥਾਂ ਟੀ-20 ਟੀਮ ਦੀ ਅਗਵਾਈ ਕਰਨਗੇ। ਪਾਵੇਲ ਮਈ 2023 ਤੋਂ ਟੀ-20 ਟੀਮ ਦੀ ਕਪਤਾਨੀ ਕਰ ਰਹੇ ਸਨ।
ਸੀਡਬਲਯੂਆਈ ਦੇ ਮੁੱਖ ਕੋਚ ਡੈਰੇਨ ਸੈਮੀ ਨੇ ਬੋਰਡ ਦੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ, ਟੀਮ ਦੇ ਵਿਕਾਸ ਅਤੇ 2026 ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਾਈ ਹੋਪ ਨੂੰ ਕਪਤਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਬ੍ਰੈਥਵੇਟ ਦੀ ਅਗਵਾਈ ਹੇਠ ਇਤਿਹਾਸਕ ਜਿੱਤ
ਬ੍ਰੈਥਵੇਟ ਦੀ ਕਪਤਾਨੀ ਹੇਠ, ਵੈਸਟ ਇੰਡੀਜ਼ ਨੇ ਕਈ ਇਤਿਹਾਸਕ ਜਿੱਤਾਂ ਦਰਜ ਕੀਤੀਆਂ। ਪਿਛਲੇ ਸਾਲ, ਉਨ੍ਹਾਂ ਨੇ ਬ੍ਰਿਸਬੇਨ ਵਿੱਚ ਆਸਟ੍ਰੇਲੀਆ ਵਿਰੁੱਧ 27 ਸਾਲਾਂ ਵਿੱਚ ਪਹਿਲੀ ਟੈਸਟ ਜਿੱਤ ਲਈ ਟੀਮ ਦੀ ਅਗਵਾਈ ਕੀਤੀ ਸੀ। ਇਸੇ ਸਾਲ, ਪਾਕਿਸਤਾਨ ਵਿਰੁੱਧ ਟੈਸਟ ਲੜੀ ਵਿੱਚ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਅਤੇ ਲੜੀ ਦੀ ਬਰਾਬਰੀ ਕੀਤੀ, ਜੋ ਕਿ 34 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਸੀ। ਉਨ੍ਹਾਂ ਦੀ ਕਪਤਾਨੀ ਵਿੱਚ 2022 ਵਿੱਚ ਇੰਗਲੈਂਡ ਵਿਰੁੱਧ ਘਰੇਲੂ ਟੈਸਟ ਸੀਰੀਜ਼ ਜਿੱਤ ਮਿਲੀ, ਜਦੋਂ ਕਿ 2021 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਬੰਗਲਾਦੇਸ਼ ਵਿਰੁੱਧ 2-0 ਨਾਲ ਟੈਸਟ ਸੀਰੀਜ਼ ਜਿੱਤੀ ਸੀ।
ਕਪਤਾਨੀ ਛੱਡਣ ਦਾ ਕਾਰਨ
ਸੀਡਬਲਯੂਆਈ ਨੇ ਇੱਕ ਬਿਆਨ ਵਿੱਚ ਕਿਹਾ, ਬ੍ਰੈਥਵੇਟ ਆਪਣੀ ਵਿਦਾਇਗੀ ਤੋਂ ਪਹਿਲਾਂ ਟੀਮ ਨੂੰ ਤਬਦੀਲੀ ਲਈ ਕਾਫ਼ੀ ਸਮਾਂ ਦੇਣਾ ਚਾਹੁੰਦੇ ਸੀ ਅਤੇ ਇਸ ਲਈ ਉਨ੍ਹਾਂ ਨੇ ਆਸਟ੍ਰੇਲੀਆ ਵਿਰੁੱਧ ਘਰੇਲੂ ਲੜੀ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਨਵੀਂ ਲੀਡਰਸ਼ਿਪ ਟੀਮ ਨੂੰ ਆਪਣੇ ਆਪ ਨੂੰ ਸਥਾਪਤ ਕਰਨ ਦਾ ਮੌਕਾ ਮਿਲ ਸਕੇ।
ਬ੍ਰੈਥਵੇਟ ਨੇ ਹੁਣ ਤੱਕ 98 ਟੈਸਟ ਮੈਚ ਖੇਡੇ ਹਨ ਅਤੇ ਆਸਟ੍ਰੇਲੀਆ ਵਿਰੁੱਧ ਆਉਣ ਵਾਲੀ ਲੜੀ ਉਨ੍ਹਾਂ ਲਈ ਖਾਸ ਹੋਵੇਗੀ ਕਿਉਂਕਿ ਉਹ ਆਪਣਾ 100ਵਾਂ ਟੈਸਟ ਪੂਰਾ ਕਰਨ ਦੇ ਨੇੜੇ ਹਨ। ਸੀਡਬਲਯੂਆਈ ਨੇ ਕਿਹਾ ਅਸੀਂ ਕ੍ਰੈਗ ਬ੍ਰੈਥਵੇਟ ਦੇ ਯੋਗਦਾਨ ਅਤੇ ਲੀਡਰਸ਼ਿਪ ਹੁਨਰ ਲਈ ਧੰਨਵਾਦੀ ਹਾਂ। ਨਵੇਂ ਟੈਸਟ ਕਪਤਾਨ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਵੈਸਟਇੰਡੀਜ਼ ਦਾ ਆਗਾਮੀ ਸ਼ਡਿਊਲ
ਵੈਸਟਇੰਡੀਜ਼ ਜੂਨ-ਜੁਲਾਈ ਵਿੱਚ ਆਸਟ੍ਰੇਲੀਆ ਵਿਰੁੱਧ ਘਰੇਲੂ ਟੈਸਟ ਲੜੀ ਖੇਡੇਗਾ, ਜੋ ਕਿ ਨਵੇਂ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਚੱਕਰ ਦੀ ਸ਼ੁਰੂਆਤ ਹੋਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ