ਨਵੀਂ ਦਿੱਲੀ, 17 ਅਪ੍ਰੈਲ (ਹਿੰ.ਸ.)। ਨੈਸ਼ਨਲ ਹੈਰਾਲਡ ਮਾਮਲੇ ਵਿੱਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਿਰੁੱਧ ਈਡੀ ਦੀ ਚਾਰਜਸ਼ੀਟ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਜਿੱਥੇ ਕਾਂਗਰਸ ਇਸਨੂੰ ਰਾਜਨੀਤਿਕ ਬਦਲਾਖੋਰੀ ਦਾ ਮਾਮਲਾ ਦੱਸ ਰਹੀ ਹੈ, ਉੱਥੇ ਹੀ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਹਰਦੀਪ ਸਿੰਘ ਪੁਰੀ ਨੇ ਕਾਂਗਰਸ 'ਤੇ ਪਲਟਵਾਰ ਕੀਤਾ ਹੈ।
ਵੀਰਵਾਰ ਨੂੰ ਭਾਜਪਾ ਹੈੱਡਕੁਆਰਟਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਦੋਂ ਈਡੀ ਨੇ ਚਾਰਜਸ਼ੀਟ ਦਾਇਰ ਕੀਤੀ ਤਾਂ ਕਾਂਗਰਸ ਦੇ ਲੋਕ ਬਿਆਨ ਦੇਣ ਲੱਗ ਪਏ ਕਿ ਇਹ ਰਾਜਨੀਤਿਕ ਬਦਲਾਖੋਰੀ ਹੈ। ਉਨ੍ਹਾਂ ਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ। ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹਨ। ਪੁਰੀ ਨੇ ਇਹ ਵੀ ਕਿਹਾ ਕਿ ਪਾਰਟੀ ਵਰਕਰਾਂ ਨੂੰ ਆਪਣੇ ਆਗੂਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਧੋਖਾਧੜੀ, ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦਾ ਇੱਕ ਖੁੱਲ੍ਹਾ ਅਤੇ ਸਪੱਸ਼ਟ ਮਾਮਲਾ ਹੈ। ਕਾਂਗਰਸ ਪਾਰਟੀ ਨੇ ਕਿਸੇ ਤਰ੍ਹਾਂ ਮਾਮਲੇ ’ਚ ਦੇਰੀ ਕਰਨ ਅਤੇ ਪਟੜੀ ਤੋਂ ਉਤਾਰਨ ਲਈ ਆਪਣੇ ਵਕੀਲਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹੈਰਾਲਡ 1937 ਵਿੱਚ ਸ਼ੁਰੂ ਹੋਇਆ। ਛਪਾਈ 2008 ਵਿੱਚ ਬੰਦ ਹੋ ਗਈ ਸੀ ਅਤੇ ਇਹ ਮਾਮਲਾ 2012-13 ਵਿੱਚ ਸ਼ੁਰੂ ਹੋਇਆ। ਉਸ ਸਮੇਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। 2 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ 50 ਲੱਖ ਰੁਪਏ ਵਿੱਚ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਧੋਖਾਧੜੀ, ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦਾ ਸਪੱਸ਼ਟ ਮਾਮਲਾ ਹੈ। 2014 ਤੋਂ, ਇਹ ਮਾਮਲਾ ਕਦੇ ਕਿਸੇ ਅਦਾਲਤ ਵਿੱਚ ਜਾਂਦਾ ਹੈ, ਕਦੇ ਕਿਸੇ ਅਦਾਲਤ ਵਿੱਚ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਇਸ ਮੁੱਦੇ 'ਤੇ ਵਰਕਰਾਂ ਦਾ ਵਿਰੋਧ ਸਮਝ ਤੋਂ ਪਰੇ ਹੈ। ਇੱਥੇ ਦੇਰ, ਪਰ ਹਨੇਰ ਨਹੀਂ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ