ਬੀਜਾਪੁਰ/ਰਾਏਪੁਰ, 21 ਅਪ੍ਰੈਲ (ਹਿੰ.ਸ.)। ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਹੋਏ ਆਈਈਡੀ ਧਮਾਕੇ ਦੀ ਲਪੇਟ ’ਚ ਆਉਣ ਨਾਲ ਇੱਕ ਜਵਾਨ ਸ਼ਹੀਦ ਹੋ ਗਿਆ। ਛੱਤੀਸਗੜ੍ਹ ਆਰਮਡ ਫੋਰਸ ਦੀ 19ਵੀਂ ਬਟਾਲੀਅਨ ਦੇ ਜਵਾਨ ਮਨੋਜ ਪੁਜਾਰੀ (26 ਸਾਲ) ਤੋਇਨਾਰ-ਫਰਸੇਗੜ੍ਹ ਸੜਕ ਨਿਰਮਾਣ ਕਾਰਜ ਦੀ ਸੁਰੱਖਿਆ ਡਿਊਟੀ 'ਤੇ ਸਨ।
ਬੀਜਾਪੁਰ ਦੇ ਪੁਲਿਸ ਸੁਪਰਡੈਂਟ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ, ਮਨੋਜ ਪੁਜਾਰੀ ਸੜਕ ਸੁਰੱਖਿਆ ਆਪ੍ਰੇਸ਼ਨ ਡਿਊਟੀ 'ਤੇ ਸਨ। ਘਟਨਾ ਵਾਲੀ ਥਾਂ ਮੋਰਮੇਡ ਜੰਗਲ ਵਿੱਚ ਸਥਿਤ ਹੈ, ਜੋ ਤੋਇਨਾਰ ਤੋਂ ਫਰਸੇਗੜ੍ਹ ਵੱਲ ਲਗਭਗ 4 ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸੈਨਿਕਾਂ ਦੀ ਟੁਕੜੀ ਸੜਕ ਨਿਰਮਾਣ ਵਾਲੀ ਥਾਂ ਵੱਲ ਗਸ਼ਤ ਕਰ ਰਹੀ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਵਾਨ ਦੀ ਮੌਕੇ 'ਤੇ ਹੀ ਸ਼ਹਾਦਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਵਾਧੂ ਸੁਰੱਖਿਆ ਬਲ ਭੇਜ ਦਿੱਤੇ ਗਏ। ਇਲਾਕੇ ਵਿੱਚ ਸਖ਼ਤ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਸ਼ਾਸਨ ਨੇ ਦੱਸਿਆ ਹੈ ਕਿ ਇਸ ਆਪ੍ਰੇਸ਼ਨ ਦੀ ਵਿਸਤ੍ਰਿਤ ਰਿਪੋਰਟ ਮੁਹਿੰਮ ਦੇ ਪੂਰਾ ਹੋਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ