ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਅਪ੍ਰੈਲ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਲਈ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਚੱਲ ਰਹੇ ਉਪਰਾਲਿਆਂ ਦੀ ਕੜੀ ਵਜੋਂ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਮੋਹਾਲੀ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਨੇ ਹਸਪਤਾਲ ਦੇ ਵਿੱਚ ਮੌਜੂਦ ਲੋਕਾਂ ਨਾਲ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਗੱਲਬਾਤ ਕੀਤੀ ਤੇ ਫੀਡਬੈਕ ਲਿਆ। ਉਨ੍ਹਾਂ ਦੌਰੇ ਦੌਰਾਨ ਸਿਵਲ ਹਸਪਤਾਲ ਮੋਹਾਲੀ ਦੇ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਦੱਸਿਆ ਕਿ ਅੱਜ ਅਚਨਚੇਤ ਦੌਰੇ ਦੌਰਾਨ ਸਿਵਲ ਹਸਪਤਾਲ ਮੋਹਾਲੀ ਦੇ ਵਿਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਪੰਜਾਬ ਦੇ ਸਿਹਤ ਖੇਤਰ ਦੇ ਵਿੱਚ ਸੁਧਾਰ ਲਿਆਂਦਾ ਗਿਆ ਹੈ, ਤਹਿਤ ਹੀ ਪੰਜਾਬ ਦੇ ਵਿੱਚ 881 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਸ ਵਿੱਚ ਹੁਣ ਤੱਕ 3 ਕਰੋੜ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਇਆ ਗਿਆ ਹੈ, ਜਿਸ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸਖਤੀ ਕਰਨ ਦੇ ਨਾਲ ਨਾਲ ਪੀੜਤ ਨੌਜੁਆਨਾਂ ਦੇ ਪੁਨਰ ਵਸੇਬੇ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਿਵਲ ਸਰਜਨ ਮੋਹਾਲੀ ਅਤੇ ਐਸਐਮਓ ਨੂੰ ਹਦਾਇਤ ਕੀਤੀ ਕਿ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਿਆਂ ਕੈਮਿਸਟ ਦੀਆਂ ਦੁਕਾਨਾਂ ਦੇ ਉੱਪਰ ਡਰੱਗ ਕੰਟਰੋਲ ਅਫ਼ਸਰਾਂ ਰਾਹੀਂ ਚੈਕਿੰਗ ਕੀਤੀ ਜਾਵੇ ਕਿ ਕਿਸੇ ਵਿਅਕਤੀ ਦੇ ਵੱਲੋਂ ਕੈਮਿਸਟ ਦੁਕਾਨ ਦੀ ਆੜ ਦੇ ਵਿੱਚ ਨਸ਼ੇ ਦੀ ਸਪਲਾਈ ਜਾਂ ਫਿਰ ਪਾਬੰਦੀ ਸ਼ੁਧਾ ਨਸ਼ੀਲੀਆਂ ਦਵਾਈਆਂ ਤਾਂ ਨਹੀਂ ਵੇਚੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਸਿਹਤ ਬਜਟ ਲਈ 5598 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਹਨਾਂ ਸਿਵਲ ਸਰਜਨ ਅਤੇ ਐਸਐਮਓ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਡਾਕਟਰ ਦੇ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਬਾਹਰੋਂ ਨਾ ਲਿਖ ਕੇ ਦਿੱਤੀਆਂ ਜਾਣ, ਬਲਕਿ ਜਿਹੜੀਆਂ ਦਵਾਈਆਂ ਹਸਪਤਾਲ ਦੇ ਵਿੱਚ ਮੌਜੂਦ ਹਨ ਉਹ ਹੀ ਦਵਾਈਆਂ ਲਿਖੀਆਂ ਜਾਣ । ਉਹਨਾਂ ਕਿਹਾ ਕਿ ਹਸਪਤਾਲ ਦੌਰੇ ਦੌਰਾਨ ਕੁੱਝ ਕਮੀਆਂ ਉਹਨਾਂ ਦੇ ਧਿਆਨ ਦੇ ਵਿੱਚ ਆਈਆਂ ਹਨ। ਜਿਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਅੱਜ ਅਚਨਚੇਤ ਦੌਰੇ ਦੌਰਾਨ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਵੱਲੋਂ ਜੋ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਇਹ ਇੱਕ ਸ਼ਲਾਘਾ ਯੋਗ ਕਦਮ ਹੈ ਅਤੇ ਮਾਹਰ ਡਾਕਟਰਾਂ ਦੇ ਵੱਲੋਂ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ