ਨਵੀਂ ਦਿੱਲੀ, 9 ਮਈ (ਹਿੰ.ਸ.)। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਹਵਾਈ ਅੱਡੇ 'ਤੇ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਹਨ। ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਜਦੋਂ ਕਿ ਅੱਠ ਰਾਜਾਂ ਦੇ 29 ਹਵਾਈ ਅੱਡਿਆਂ ਨੂੰ 10 ਮਈ ਤੱਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਜਿਨ੍ਹਾਂ ਰਾਜਾਂ ਦੇ ਹਵਾਈ ਅੱਡਿਆਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।
ਸਿਵਲ ਏਵੀਏਸ਼ਨ ਸੇਫਟੀ ਬਿਊਰੋ ਵੱਲੋਂ ਜਾਰੀ ਕੀਤੀ ਗਈ ਸਲਾਹ ਤੋਂ ਬਾਅਦ, ਏਅਰਲਾਈਨਾਂ ਨੇ ਸ਼ੁੱਕਰਵਾਰ ਨੂੰ ਯਾਤਰੀਆਂ ਨੂੰ ਆਪਣੇ-ਆਪਣੇ ਹਵਾਈ ਅੱਡਿਆਂ 'ਤੇ ਸਮੇਂ ਸਿਰ ਪਹੁੰਚਣ ਦੀ ਸਲਾਹ ਦਿੱਤੀ। ਉੱਥੇ ਹੀ, ਇੰਡੀਗੋ ਅਤੇ ਏਅਰ ਇੰਡੀਆ ਏਅਰਲਾਈਨਜ਼ ਨੇ 10 ਮਈ ਦੀ ਅੱਧੀ ਰਾਤ 12 ਵਜੇ ਤੱਕ ਸ੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ, ਜੋਧਪੁਰ, ਕਿਸ਼ਨਗੜ੍ਹ ਅਤੇ ਰਾਜਕੋਟ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਪਾਕਿਸਤਾਨ ਦੇ ਭਾਰਤ 'ਤੇ ਡਰੋਨ ਹਮਲੇ ਤੋਂ ਬਾਅਦ, ਸਿਵਲ ਏਵੀਏਸ਼ਨ ਵਿਭਾਗ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸਦੇ ਮੱਦੇਨਜ਼ਰ, ਹੁਣ ਯਾਤਰੀਆਂ ਨੂੰ ਦੋਹਰੀ ਸੁਰੱਖਿਆ ਜਾਂਚ ਵਿੱਚੋਂ ਗੁਜ਼ਰਨਾ ਪਵੇਗਾ। ਇਸ ਸਬੰਧੀ ਏਅਰ ਇੰਡੀਆ, ਅਕਾਸਾ, ਸਪਾਈਸਜੈੱਟ ਅਤੇ ਇੰਡੀਗੋ ਏਅਰਲਾਈਨਜ਼ ਨੇ 3 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ ਲਈ ਕਿਹਾ ਹੈ। ਇਸ ਦੌਰਾਨ, ਦਿੱਲੀ ਹਵਾਈ ਅੱਡੇ ਨੇ ਕਿਹਾ ਕਿ ਹਵਾਈ ਅੱਡੇ 'ਤੇ ਕੰਮਕਾਜ ਆਮ ਵਾਂਗ ਹੈ ਪਰ ਹਵਾਈ ਖੇਤਰ ਅਤੇ ਸੁਰੱਖਿਆ ਕਾਰਨਾਂ ਕਰਕੇ ਕੁਝ ਉਡਾਣਾਂ ’ਤੇ ਅਸਰ ਪਿਆ ਹੈ।ਏਅਰ ਇੰਡੀਆ ਨੇ ਐਕਸ 'ਤੇ ਪੋਸਟ ਬਿਆਨ ਵਿੱਚ, ਕਿਹਾ ਕਿ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵੱਲੋਂ ਹਵਾਈ ਅੱਡਿਆਂ 'ਤੇ ਸੁਰੱਖਿਆ ਵਧਾਉਣ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਆਦੇਸ਼ ਦੇ ਮੱਦੇਨਜ਼ਰ, ਭਾਰਤ ਭਰ ਦੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੈੱਕ-ਇਨ ਅਤੇ ਬੋਰਡਿੰਗ ਵਿੱਚ ਕਿਸੇ ਵੀ ਮੁਸ਼ਕਲ ਤੋਂ ਬਚਣ ਲਈ ਆਪਣੇ ਨਿਰਧਾਰਤ ਰਵਾਨਗੀ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਸਬੰਧਤ ਹਵਾਈ ਅੱਡਿਆਂ 'ਤੇ ਪਹੁੰਚਣ। ਚੈੱਕ-ਇਨ ਰਵਾਨਗੀ ਤੋਂ 75 ਮਿੰਟ ਪਹਿਲਾਂ ਬੰਦ ਹੋ ਜਾਂਦਾ ਹੈ।
ਇਸੇ ਤਰ੍ਹਾਂ, ਇੰਡੀਗੋ ਏਅਰਲਾਈਨਜ਼ ਨੇ ਜਾਰੀ ਕੀਤੀ ਯਾਤਰਾ ਸਲਾਹਕਾਰੀ ਵਿੱਚ ਕਿਹਾ ਹੈ ਕਿ ਤੁਹਾਡੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਹੇਠ ਲਿਖੇ ਸ਼ਹਿਰਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 10 ਮਈ ਨੂੰ 2359 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਅਸੀਂ ਤੁਹਾਡੀ ਯਾਤਰਾ ਨੂੰ ਆਸਾਨ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। ਇੱਥੇ ਉਡਾਣ ਦੀ ਸਥਿਤੀ ਦੀ ਜਾਂਚ ਕਰੋ http://bit.ly/31paVKQ। ਰੀਬੁੱਕ ਕਰਨ ਜਾਂ ਰਿਫੰਡ ਦਾ ਦਾਅਵਾ ਕਰਨ ਲਈ, http://bit.ly/31lwD2y 'ਤੇ ਜਾਓ।
ਇਨ੍ਹਾਂ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ-
ਟਾਟਾ ਦੀ ਅਗਵਾਈ ਵਾਲੀ ਏਅਰ ਇੰਡੀਆ ਏਅਰਲਾਈਨਜ਼ ਨੇ 10 ਮਈ ਸਵੇਰੇ 05:29 ਵਜੇ ਤੱਕ 9 ਸ਼ਹਿਰਾਂ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਹ ਸ਼ਹਿਰ ਹਨ - ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ।
ਇੰਡੀਗੋ ਏਅਰਲਾਈਨਜ਼ ਨੇ 10 ਮਈ ਸਵੇਰੇ 05:29 ਵਜੇ ਤੱਕ 11 ਸ਼ਹਿਰਾਂ ਲਈ ਉਡਾਣਾਂ ਰੱਦ ਕਰ ਦਿੱਤੀਆਂ। ਇਹ ਸ਼ਹਿਰ ਹਨ - ਜੰਮੂ, ਸ਼੍ਰੀਨਗਰ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ, ਜੋਧਪੁਰ, ਗਵਾਲੀਅਰ, ਕਿਸ਼ਨਗੜ੍ਹ ਅਤੇ ਰਾਜਕੋਟ। 10 ਮਈ ਤੱਕ, ਇੰਡੀਗੋ ਦੀਆਂ 165 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇੰਡੀਗੋ ਹਰ ਰੋਜ਼ ਲਗਭਗ 2200 ਉਡਾਣਾਂ ਦਾ ਸੰਚਾਲਨ ਕਰਦੀ ਹੈ। ਦਿੱਲੀ ਹਵਾਈ ਅੱਡੇ 'ਤੇ ਵੱਖ-ਵੱਖ ਏਅਰਲਾਈਨਾਂ ਦੀਆਂ 20 ਉਡਾਣਾਂ ਕੈਂਸਿਲ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਜਿਨ੍ਹਾਂ ਰੱਖਿਆ ਕਰਮਚਾਰੀਆਂ ਨੇ 31 ਮਈ ਤੱਕ ਯਾਤਰਾ ਲਈ ਏਅਰ ਇੰਡੀਆ ਜਾਂ ਏਅਰ ਇੰਡੀਆ ਐਕਸਪ੍ਰੈਸ ਟਿਕਟਾਂ ਬੁੱਕ ਕਰਵਾਈਆਂ ਹਨ, ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਉੱਥੇ ਹੀ, 30 ਜੂਨ ਤੱਕ ਮੁਫ਼ਤ ਰੀਸ਼ਡਿਊਲਿੰਗ ਦੀ ਸਹੂਲਤ ਇੱਕ ਵਾਰ ਉਪਲਬਧ ਹੋਵੇਗੀ। ਅਕਾਸਾ ਏਅਰਲਾਈਨਜ਼ ਨੇ 7 ਕਿਲੋਗ੍ਰਾਮ ਸਾਮਾਨ ਦੀ ਸੀਮਾ ਨਿਰਧਾਰਤ ਕੀਤੀ ਹੈ, ਜਿਸਨੂੰ ਯਾਤਰੀ ਆਪਣੇ ਨਾਲ ਕੈਰੀ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ