ਬੰਗਲੁਰੂ, 5 ਜੂਨ (ਹਿੰ.ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦਾ ਖਿਤਾਬ ਜਿੱਤਣ ਵਾਲੀ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਟੀਮ ਦੇ ਸਵਾਗਤ ਸਮਾਰੋਹ ਤੋਂ ਪਹਿਲਾਂ ਵੱਡਾ ਹਾਦਸਾ ਵਾਪਰਿਆ। ਬੁੱਧਵਾਰ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਰੀ ਭੀੜ ਕਾਰਨ ਮਚੀ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 33 ਜ਼ਖਮੀ ਹੋ ਗਏ।
ਘਟਨਾ ਤੋਂ ਬਾਅਦ, ਆਰਸੀਬੀ ਫਰੈਂਚਾਇਜ਼ੀ ਨੇ ਇੱਕ ਬਿਆਨ ਜਾਰੀ ਕਰਕੇ ਦੁੱਖ ਪ੍ਰਗਟ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ, ਆਰਸੀਬੀ ਇਸ ਦੁਖਦਾਈ ਘਟਨਾ 'ਤੇ ਡੂੰਘਾ ਸੋਗ ਪ੍ਰਗਟ ਕਰਦਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੀ ਹੈ। ਅਸੀਂ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਈਆਂ ਮੰਦਭਾਗੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ। ਅਸੀਂ ਸਾਰਿਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹਾਂ।
ਟੀਮ ਦੇ ਸਵਾਗਤ ਲਈ ਇਕੱਠੀ ਹੋਈ ਸੀ ਹਜ਼ਾਰਾਂ ਦੀ ਭੀੜ :ਆਰਅਸੀਬੀ ਦੇ ਪਹਿਲੇ ਆਈਪੀਐਲ ਖਿਤਾਬ ਦੇ ਜਸ਼ਨ ਦੇ ਹਿੱਸੇ ਵਜੋਂ ਇੱਕ ਖੁੱਲ੍ਹੀ ਬੱਸ ਪਰੇਡ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਲਈ ਹਜ਼ਾਰਾਂ ਪ੍ਰਸ਼ੰਸਕ ਸਟੇਡੀਅਮ ਦੇ ਬਾਹਰ ਇਕੱਠੇ ਹੋਏ ਸਨ। ਪਰ ਭੀੜ ਨੂੰ ਕਾਬੂ ਕਰਨ ਵਿੱਚ ਅਸਮਰੱਥਾ ਕਾਰਨ, ਭਗਦੜ ਮਚ ਗਈ।
ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ :
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 33 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਸ਼ਡਿਊਲ ਵਿੱਚ ਕੀਤੇ ਗਏ ਬਦਲਾਅ
ਆਰਸੀਬੀ ਫਰੈਂਚਾਇਜ਼ੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਹਾਦਸੇ ਬਾਰੇ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਸ਼ਡਿਊਲ ਨੂੰ ਛੋਟਾ ਕਰ ਦਿੱਤਾ ਅਤੇ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ।
ਬਿਆਨ ਵਿੱਚ ਅੱਗੇ ਕਿਹਾ ਗਿਆ, ਜਿਵੇਂ ਹੀ ਸਾਨੂੰ ਸਥਿਤੀ ਦਾ ਪਤਾ ਲੱਗਾ, ਅਸੀਂ ਤੁਰੰਤ ਪ੍ਰੋਗਰਾਮ ਵਿੱਚ ਬਦਲਾਅ ਕੀਤੇ ਅਤੇ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ