ਕੈਲੀਫੋਰਨੀਆ, 15 ਜੁਲਾਈ (ਹਿੰ.ਸ.)। ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਧਰਤੀ 'ਤੇ ਵਾਪਸੀ ਦੀ ਉਡੀਕ ਖਤਮ ਹੋ ਗਈ। ਐਕਸੀਓਮ-4 ਮਿਸ਼ਨ ਤਹਿਤ 18 ਦਿਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਹਿਣ ਤੋਂ ਬਾਅਦ, ਸ਼ੁਭਾਂਸ਼ੂ ਸ਼ੁਕਲਾ ਆਪਣੇ ਤਿੰਨ ਸਾਥੀਆਂ ਨਾਲ ਸੁਰੱਖਿਅਤ ਵਾਪਸ ਪਰਤ ਆਏ। ਉਨ੍ਹਾਂ ਦਾ ਸਪੇਸਕ੍ਰਾਫ਼ਟ ਕੈਲੀਫੋਰਨੀਆ ਦੇ ਸਮੁੱਦਰੀ ਤੱਟ 'ਤੇ ਉਤਰਿਆ।
ਲਗਭਗ 23 ਘੰਟਿਆਂ ਦੀ ਯਾਤਰਾ ਤੋਂ ਬਾਅਦ, ਸਪੇਸਕ੍ਰਾਫਟ ਅੱਜ ਦੁਪਹਿਰ 3 ਵਜੇ ਕੈਲੀਫੋਰਨੀਆ ਦੇ ਸਮੁੰਦਰ ਵਿੱਚ ਉਤਰਿਆ। ਚਾਰੇ ਪੁਲਾੜ ਯਾਤਰੀ ਇੱਕ ਦਿਨ ਪਹਿਲਾਂ ਸ਼ਾਮ 4:45 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਤੋਂ ਧਰਤੀ ਲਈ ਰਵਾਨਾ ਹੋਏ ਸਨ। ਹੁਣ ਧਰਤੀ 'ਤੇ ਵਾਪਸ ਆਉਣ ਤੋਂ ਬਾਅਦ, ਪੂਰੀ ਟੀਮ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਵਾਪਸ ਆਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਕਮਾਂਡਰ ਪੈਗੀ ਵਿਟਸਨ, ਪੋਲੈਂਡ ਦੇ ਮਿਸ਼ਨ ਸਪੈਸ਼ਲਿਸਟ ਸਲਾਵੋਜ ਉਜਨਾਂਸਕੀ-ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਸ਼ਾਮਲ ਹਨ।
ਸਾਰੇ ਪੁਲਾੜ ਯਾਤਰੀ 26 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਆਈਐਸਐਸ ਪਹੁੰਚੇ ਸਨ। ਐਕਸੀਓਮ-4 ਮਿਸ਼ਨ ਤਹਿਤ ਉਹ 25 ਜੂਨ ਨੂੰ ਦੁਪਹਿਰ 12 ਵਜੇ ਰਵਾਨਾ ਹੋਏ ਸਨ। ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਡ੍ਰੈਗਨ ਕੈਪਸੂਲ ਵਿੱਚ ਉਨ੍ਹਾਂ ਨੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਭਾਂਸ਼ੂ ਦੀ ਵਾਪਸੀ 'ਤੇ ਸੋਸ਼ਲ ਮੀਡੀਆ 'ਤੇ ਕਿਹਾ, ਮੈਂ ਪੂਰੇ ਦੇਸ਼ ਦੇ ਨਾਲ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਉਨ੍ਹਾਂ ਦੀ ਇਤਿਹਾਸਕ ਪੁਲਾੜ ਯਾਤਰਾ ਤੋਂ ਧਰਤੀ 'ਤੇ ਵਾਪਸ ਸਵਾਗਤ ਕਰਦਾ ਹਾਂ। ਸ਼ੁਭਾਂਸ਼ੂ ਨੇ ਆਪਣੇ ਸਮਰਪਣ, ਹਿੰਮਤ ਨਾਲ ਅਰਬਾਂ ਸੁਪਨਿਆਂ ਨੂੰ ਪ੍ਰੇਰਿਤ ਕੀਤਾ ਹੈ। ਇਹ ਸਾਡੇ ਆਪਣੇ ਮਨੁੱਖੀ ਪੁਲਾੜ ਉਡਾਣ ਮਿਸ਼ਨ - ਗਗਨਯਾਨ ਵੱਲ ਇੱਕ ਹੋਰ ਮੀਲ ਪੱਥਰ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ