ਨਵੀਂ ਦਿੱਲੀ, 16 ਜੁਲਾਈ (ਹਿੰ.ਸ.)। ਕੇਂਦਰੀ ਮੰਤਰੀ ਮੰਡਲ ਨੇ ਮਤਾ ਪਾਸ ਕਰਕੇ ਕੱਲ੍ਹ ਪੁਲਾੜ ਤੋਂ ਸੁਰੱਖਿਅਤ ਵਾਪਸ ਆਏ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਇਤਿਹਾਸਕ ਯਾਤਰਾ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੰਤਰੀ ਮੰਡਲ ਨੇ ਇਸ ਸਫਲਤਾ ਨੂੰ ਭਾਰਤ ਦੀਆਂ ਇੱਛਾਵਾਂ ਅਤੇ ਵਿਗਿਆਨਕ ਪ੍ਰਾਪਤੀਆਂ ਦਾ ਪ੍ਰਤੀਕ ਦੱਸਿਆ ਹੈ। ਇਹ ਮਿਸ਼ਨ ਭਾਰਤ ਦੇ ਪੁਲਾੜ ਪ੍ਰੋਗਰਾਮ ਵਿੱਚ ਇੱਕ ਨਵਾਂ ਅਧਿਆਇ ਜੋੜਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈਐਸਐਸ) ਤੋਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਵਾਪਸੀ 'ਤੇ ਮਤਾ ਪਾਸ ਕੀਤਾ ਗਿਆ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਸ਼ਟਰੀ ਮੀਡੀਆ ਸੈਂਟਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਕੈਬਨਿਟ ਦੇ ਮਤੇ ਬਾਰੇ ਜਾਣਕਾਰੀ ਦਿੱਤੀ।
ਮਤੇ ਵਿੱਚ ਕਿਹਾ ਗਿਆ ਹੈ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਮਿਸ਼ਨ ਸਿਰਫ਼ ਇੱਕ ਵਿਅਕਤੀ ਦੀ ਸਫਲਤਾ ਨਹੀਂ ਹੈ, ਇਹ ਭਾਰਤ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦੀ ਉਦਾਹਰਣ ਹੈ। ਇਸ ਨਾਲ ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਉਤਸੁਕਤਾ ਵਧੇਗੀ, ਵਿਗਿਆਨਕ ਸੋਚ ਵਿਕਸਤ ਹੋਵੇਗੀ। ਇਸ ਤੋਂ ਪ੍ਰਭਾਵਿਤ ਹੋ ਕੇ, ਵੱਡੀ ਗਿਣਤੀ ਵਿੱਚ ਨੌਜਵਾਨ ਵਿਗਿਆਨ ਅਤੇ ਨਵੀਨਤਾ ਨੂੰ ਆਪਣਾ ਕਰੀਅਰ ਬਣਾਉਣਗੇ।
ਮੰਤਰੀ ਮੰਡਲ ਨੇ ਦ੍ਰਿੜ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਮਿਸ਼ਨ ਵਿਕਸਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਵੇਗਾ। 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਜੋ ਸੁਪਨਾ ਜੋ ਪ੍ਰਧਾਨ ਮੰਤਰੀ ਮੋਦੀ ਨੇ ਦੇਖਿਆ ਹੈ, ਉਸਨੂੰ ਨਵੀਂ ਤਾਕਤ ਮਿਲੇਗੀ।
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ 25 ਜੂਨ ਨੂੰ ਸ਼ੁਰੂ ਹੋਏ ਪੁਲਾੜ ਮਿਸ਼ਨ ਦੇ ਤਹਿਤ 18 ਦਿਨ ਆਈਐਸਐਸ 'ਤੇ ਰਹੇ। ਉਹ ਇਸ ਸਟੇਸ਼ਨ 'ਤੇ ਪੈਰ ਰੱਖਣ ਵਾਲੇ ਪਹਿਲੇ ਭਾਰਤੀ ਹਨ। ਸ਼ੁਕਲਾ ਨੇ ਐਕਸੀਓਮ-4 ਚਾਲਕ ਦਲ ਅਤੇ ਐਕਸਪੀਡੀਸ਼ਨ-73 ਦੇ ਨਾਲ, ਮਾਈਕ੍ਰੋਗ੍ਰੈਵਿਟੀ, ਮਸਲ ਰੀਜਨਰੇਸ਼ਨ, ਐਲਗੀ ਅਤੇ ਸੂਖਮ ਜੀਵਾਂ ਦੀ ਗ੍ਰੋਥ ਅਤੇ ਪੁਲਾੜ ਵਿੱਚ ਫਸਲ ਉਤਪਾਦਨ ਵਰਗੇ ਵਿਸ਼ਿਆਂ 'ਤੇ ਮਹੱਤਵਪੂਰਨ ਪ੍ਰਯੋਗ ਕੀਤੇ।
ਮੰਤਰੀ ਮੰਡਲ ਨੇ ਇਸ ਪ੍ਰਾਪਤੀ ਲਈ ਇਸਰੋ, ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਟੀਮ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੂਰੀ ਟੀਮ ਦੇ ਸਮਰਪਣ ਅਤੇ ਸਖ਼ਤ ਮਿਹਨਤ ਨੇ ਇਸ ਸੁਪਨੇ ਨੂੰ ਸਾਕਾਰ ਕੀਤਾ ਹੈ।
ਕੈਬਨਿਟ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਖੋਜਾਂ ਪੁਲਾੜ ’ਚ ਮਨੁੱਖੀ ਜੀਵਨ ਦੀਆਂ ਸੰਭਾਵਨਾਵਾਂ ਅਤੇ ਮਾਈਕ੍ਰੋਗ੍ਰੈਵਿਟੀ ਸਾਇੰਸ ਵਿੱਚ ਭਾਰਤ ਦੀ ਸਮਝ ਨੂੰ ਨਵੀਂ ਦਿਸ਼ਾ ਦੇਣਗੀਆਂ। ਇਹ ਮਿਸ਼ਨ ਅੰਤਰਰਾਸ਼ਟਰੀ ਸਹਿਯੋਗ ਵਿੱਚ ਭਾਰਤ ਦੀ ਭੂਮਿਕਾ ਨੂੰ ਵੀ ਮਜ਼ਬੂਤ ਕਰਦਾ ਹੈ। ਉੱਥੇ ਹੀ ਭਾਰਤ ਹੁਣ ਗਗਨਯਾਨ ਅਤੇ ਆਪਣੇ ਪੁਲਾੜ ਸਟੇਸ਼ਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਫਲਤਾ ਨੇ ਦੇਸ਼ ਨੂੰ ਮਨੁੱਖੀ ਪੁਲਾੜ ਮਿਸ਼ਨ ਦੀਆਂ ਵੱਡੀਆਂ ਸ਼ਕਤੀਆਂ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ।
ਕੈਬਨਿਟ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਪੇਸ ਸਮਰੱਥਾਵਾਂ ਵਿੱਚ ਵਿਸ਼ਵਾਸ ਨੇ ਭਾਰਤ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ। ਬਿਆਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਨੇ ਚੰਦਰਯਾਨ-3, ਆਦਿਤਿਆ-ਐਲ1 ਅਤੇ ਹੋਰ ਮਿਸ਼ਨਾਂ ਨਾਲ ਪੁਲਾੜ ਖੇਤਰ ਵਿੱਚ ਭਰੋਸੇਯੋਗ ਪਛਾਣ ਬਣਾਈ ਹੈ। ਪੁਲਾੜ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਕਾਰਨ ਲਗਭਗ 300 ਸਟਾਰਟਅੱਪ ਉਭਰੇ ਹਨ, ਜਿਨ੍ਹਾਂ ਨੇ ਰੁਜ਼ਗਾਰ ਅਤੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ