ਫਾਜ਼ਿਲਕਾ 17 ਜੁਲਾਈ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵੀਰਵਾਰ ਨੂੰ ਫਾਜ਼ਿਲਕਾ ਵਿਧਾਨ ਸਭਾ ਹਲਕੇ ਵਿੱਚ ਪਿੰਡ ਸ਼ਤੀਰਵਾਲਾ, ਖਿਓਵਾਲੀ ਢਾਬ, ਬਾਰੇਕਾਂ ਅਤੇ ਰੂਪਨਗਰ ਵਿਖੇ ਜਾਗਰੂਕਤਾ ਸਮਾਗਮ ਕਰਵਾਏ ਗਏ। ਜਿਨਾਂ ਵਿੱਚ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਹੁਣ ਸਪਲਾਈ ਲਾਈਨ ਟੁੱਟ ਚੁੱਕੀ ਹੈ, ਜਿਸ ਕਾਰਨ ਨਸ਼ੇ ਤੋਂ ਪੀੜਿਤ ਲੋਕ ਇਲਾਜ ਲਈ ਅੱਗੇ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਨਸ਼ੇ ਤੋਂ ਪੀੜਿਤ ਲੋਕਾਂ ਦਾ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ।ਉਹਨਾਂ ਨੇ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿਓ ਅਤੇ ਜੇਕਰ ਕੋਈ ਨਸ਼ੇ ਕਰਦਾ ਹੈ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾਵੇ। ਵਿਧਾਇਕ ਨੇ ਆਖਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਨਾਸ ਤੱਕ ਇਸ ਮੁਹਿੰਮ ਨੂੰ ਜਾਰੀ ਰੱਖੇਗੀ। ਇਸ ਮੌਕੇ ਉਹਨਾਂ ਦੇ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਆਖਿਆ ਕਿ ਨੌਜਵਾਨ ਦੇਸ਼ ਦੀ ਧਰੋਹਰ ਹਨ ਅਤੇ ਇਹਨਾਂ ਨੂੰ ਬਚਾਉਣ ਲਈ ਸਰਕਾਰ ਨੇ ਇਹ ਵਿਆਪਕ ਮੁਹਿੰਮ ਆਰੰਭ ਕੀਤੀ ਹੈ ਅਤੇ ਇਸ ਵਿੱਚ ਸਮਾਜਿਕ ਭਾਗੀਦਾਰੀ ਬਹੁਤ ਜਰੂਰੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ ਹਰਮੰਦਿਰ ਸਿੰਘ, ਦਲੀਪ ਸਹਾਰਨ ਵੀ ਹਾਜ਼ਰ ਸਨ। ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਸਤੀਰਵਾਲਾ ਵਿੱਚ 1.12 ਕਰੋੜ ਰੁਪਏ ਨਾਲ ਬਣੇ ਖਾਲਿਆਂ ਦਾ ਉਦਘਾਟਨ ਕੀਤਾ। ਉਨਾਂ ਨੇ ਦੱਸਿਆ ਕਿ ਪਿੰਡ ਸ਼ਤੀਰਵਾਲਾ ਅਤੇ ਪਿੰਡ ਟਿੱਲਾਂਵਾਲੀ ਵਿਖੇ 6 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਰਾਏ ਗਏ ਹਨ। ਉਨਾਂ ਨੇ ਟਿਲਾਂ ਵਾਲੀ ਪਿੰਡ ਵਿੱਚ 86 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੱਕੇ ਖਾਲਾਂ ਦਾ ਵੀ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਖੇਤਾਂ ਤੱਕ ਪੂਰਾ ਪਾਣੀ ਪਹੁੰਚੇਗਾ। ਇਸ ਤੋਂ ਬਿਨਾਂ ਪਿੰਡ ਨੂੰ ਸਿੰਚਾਈ ਦੇਣ ਵਾਲੀ ਨਹਿਰ ਨੂੰ ਵੀ ਸਰਕਾਰ ਨੇ ਪੱਕਾ ਕੀਤਾ ਹੈ। ਇਸ ਤੋਂ ਬਿਨ੍ਹਾਂ ਪਿੰਡ ਵਿਚ ਵਾਲੀਬਾਲ ਗਰਾਊਂਡ ਬਣਾਇਆ ਜਾਵੇਗਾ। ਪਿੰਡ ਖਿਓਵਾਲੀ ਵਿਚ ਵੀ 58 ਲੱਖ ਨਾਲ ਬਣੇ ਖਾਲਿਆਂ ਦਾ ਉਦਘਾਟਨ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ