ਬਠਿੰਡਾ, 30 ਜੁਲਾਈ (ਹਿੰ. ਸ.)। ਸਥਾਨਕ ਮਹਾਂਵੀਰ ਦਲ ਹਸਪਤਾਲ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ ਅਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਨਿਧੀ ਆਪ ਕੇ ਨਿਕਟ ਅਭਿਆਨ ਅਧੀਨ ਇਕ ਕੈਂਪ ਲਗਾਇਆ ਗਿਆ, ਜਿਸ ਵਿੱਚ ਆਏ ਹੋਏ ਨਿਯੋਜਕ ਪ੍ਰਤੀਨਿਧੀਆਂ ਅਤੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਵਾਸਤੇ ਚਲਾਈਆਂ ਜਾ ਰਹੀਆਂ ਇਹਨਾਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ । ਕੈਂਪ ਵਿੱਚ ਹਸਪਤਾਲ ਦੇ ਪ੍ਰਬੰਧਕ ਸੰਜੀਵ ਕੁਮਾਰ ਅਤੇ ਹੋਰ ਪ੍ਰਤੀਨਿਧੀ ਸ਼ਾਮਿਲ ਸਨ । ਇਸ ਮੌਕੇ ਤੇ ਹਾਜ਼ਰ ਕਰਮਚਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਹਨਾਂ ਨੂੰ ਦੋਹਾਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ । ਕਰਮਚਾਰੀ ਰਾਜ ਬੀਮਾ ਨਿਗਮ ਦੇ ਅਧਿਕਾਰੀ ਤਰਸੇਮ ਨੇ ਦੱਸਿਆ ਕਿ ਕਰਮਚਾਰੀ ਬੀਮਾ ਯੋਜਨਾ ਵੱਲੋਂ ਇਨੀ ਦਿਨੀ ਸਪਰੀ ਨਾਂ ਦੀ ਇੱਕ ਯੋਜਨਾ ਲਿਆਂਦੀ ਗਈ ਹੈ ਜੋ ਕਿ ਨਵੇਂ ਨਿਯੋਜਕਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ। ਉਨਾਂ ਕਿਹਾ ਕਿ ਉਹਨਾਂ ਨਿਯੋਜਕਾਂ ਨੂੰ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ ਜਿਨਾਂ ਨੇ ਹਾਲੇ ਤੱਕ ਕਰਮਚਾਰੀ ਰਾਜ ਬੀਮਾ ਯੋਜਨਾ ਅਧੀਨ ਰਜਿਸਟਰੇਸ਼ਨ ਨਹੀਂ ਕੀਤੀ ਹੈ । ਇਸ ਨਾਲ ਜਿੱਥੇ ਸੰਸਥਾ ਫਾਇਦਾ ਹੋਵੇਗਾ ਉੱਥੇ ਹੀ ਕਰਮਚਾਰੀਆਂ ਵਾਸਤੇ ਵੀ ਸਮਾਜਿਕ ਸੁਰੱਖਿਆ ਦਾ ਘੇਰਾ ਉਪਲਬਧ ਹੋ ਜਾਵੇਗਾ । ਇਸ ਮੌਕੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਇਨਫੋਰਸਮੈਂਟ ਆਫਿਸਰ ਸੁਭਾਸ਼ ਕੁਮਾਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਰੁਜ਼ਗਾਰ ਪ੍ਰੋਤਸਾਹਨ ਯੋਜਨਾ ਲਿਆਂਦੀ ਗਈ ਹੈ। ਉਨਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਭਾਰਤ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲਿਆ ਵੱਲੋਂ ਆਰੰਭ ਕੀਤੀਆਂ ਇਹਨਾਂ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ । ਇਸ ਕੈਂਪ ਵਿੱਚ ਮੌਜੂਦ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਸਮਾਜਿਕ ਸੁਰੱਖਿਆ ਦਾ ਜੋ ਘੇਰਾ ਦਿੱਤਾ ਗਿਆ ਹੈ ਉਸ ਦੀਆਂ ਸੇਵਾਵਾਂ ਹੋਰ ਬਿਹਤਰ ਢੰਗ ਨਾਲ ਉਪਲੱਧ ਕਰਾਉਣ ਲਈ ਕੋਸ਼ਿਸ਼ ਜਾਰੀ ਹੈ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ