ਵਾਸ਼ਿੰਗਟਨ, 4 ਜੁਲਾਈ (ਹਿੰ.ਸ.)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਦੂਜੇ ਕਾਰਜਕਾਲ ਦੀ ਸਭ ਤੋਂ ਵੱਡੀ ਨੀਤੀਗਤ ਸਫਲਤਾ ਮਿਲੀ ਹੈ। ਪ੍ਰਤੀਨਿਧੀ ਸਭਾ ਨੇ ਉਨ੍ਹਾਂ ਦੇ 4.5 ਟ੍ਰਿਲੀਅਨ ਡਾਲਰ ਦੇ ਟੈਕਸ ਬ੍ਰੇਕਸ ਅਤੇ ਖਰਚ ਕਟੌਤੀ ਬਿੱਲ ਨੂੰ 218-214 ਵੋਟਾਂ ਨਾਲ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਇਹ ਬਿੱਲ ਹੁਣ ਉਨ੍ਹਾਂ ਦੇ ਦਸਤਖਤਾਂ ਲਈ ਭੇਜਿਆ ਜਾਵੇਗਾ। ਬਿੱਲ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਪਾਸ ਕਰਨਾ ਟਰੰਪ ਪ੍ਰਸ਼ਾਸਨ ਦਾ ਟੀਚਾ ਸੀ।
ਇਹ ਬਿੱਲ 2017 ਦੇ ਟੈਕਸ ਬ੍ਰੇਕਸ ਨੂੰ ਸਥਾਈ ਬਣਾਉਂਦਾ ਹੈ, ਜਿਸ ਵਿੱਚ ਹੁਣ ਨਵੇਂ ਪ੍ਰਬੰਧਾਂ ਤਹਿਤ ਟਿਪਸ, ਓਵਰਟਾਈਮ ਅਤੇ ਸੀਨੀਅਰ ਨਾਗਰਿਕਾਂ ਲਈ 6,000 ਡਾਲਰ ਤੱਕ ਦੀਆਂ ਵਾਧੂ ਕਟੌਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, 350 ਬਿਲੀਅਨ ਡਾਲਰ ਰਾਸ਼ਟਰੀ ਸੁਰੱਖਿਆ ਨਿਵੇਸ਼, ਟਰੰਪ ਦੀ ਦੇਸ਼ ਨਿਕਾਲਾ ਨੀਤੀ ਅਤੇ ਅਮਰੀਕਾ ਉੱਤੇ ਗੋਲਡਨ ਡੋਮ ਡਿਫੈਂਸ ਸਿਸਟਮ ਦੇ ਵਿਕਾਸ ਵਿੱਚ ਵੀ ਇਹ ਬਿੱਲ ਮਦਦ ਕਰੇਗਾ।
ਬਿੱਲ ਵਿੱਚ 1.2 ਟ੍ਰਿਲੀਅਨ ਡਾਲਰ ਦੀ ਕਟੌਤੀ ਮੈਡੀਕੇਡ ਅਤੇ ਫੂਡ ਸਟੈਂਪ ਪ੍ਰੋਗਰਾਮਾਂ ਤੋਂ ਕੀਤੀ ਹੈ, ਜੋ ਬਜ਼ੁਰਗਾਂ ਅਤੇ ਕੁਝ ਮਾਪਿਆਂ 'ਤੇ ਕੰਮ ਲਈ ਮਜਬੂਰੀ ਵਰਗੇ ਨਿਯਮ ਲਾਗੂ ਕਰੇਗਾ। ਇਸ ਦੇ ਨਾਲ, ਗ੍ਰੀਨ ਐਨਰਜੀ ਟੈਕਸ ਕ੍ਰੈਡਿਟ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ।
ਡੈਮੋਕ੍ਰੇਟਸ ਨੇ ਬਿੱਲ ਦਾ ਸਖ਼ਤ ਵਿਰੋਧ ਕੀਤਾ, ਇਸਨੂੰ ਅਮੀਰਾਂ ਨੂੰ ਟੈਕਸ ਦਾ ਤੋਹਫ਼ਾ ਅਤੇ ਗਰੀਬਾਂ ਨੂੰ ਸਜ਼ਾ ਕਿਹਾ। ਡੈਮੋਕ੍ਰੇਟਿਕ ਨੇਤਾ ਹਕੀਮ ਜੈਫਰੀਜ਼ ਨੇ 8 ਘੰਟੇ 44 ਮਿੰਟ ਤੱਕ ਬਿੱਲ ਦੇ ਵਿਰੁੱਧ ਭਾਸ਼ਣ ਦਿੱਤਾ ਅਤੇ ਕਿਹਾ, ਇਹ ਬਿੱਲ ਅਮਰੀਕੀ ਲੋਕਾਂ ਦੀ ਸਿਹਤ ਅਤੇ ਸੁਰੱਖਿਆ 'ਤੇ ਹਮਲਾ ਹੈ।
ਉਥੇ ਹੀ ਟਰੰਪ-ਸਮਰਥਕ ਰਿਪਬਲਿਕਨ ਇਸਨੂੰ ਇੱਕ ਸੁੰਦਰ ਅਤੇ ਫੈਸਲਾਕੁੰਨ ਬਿੱਲ ਕਹਿ ਰਹੇ ਹਨ। ਹਾਊਸ ਸਪੀਕਰ ਮਾਈਕ ਜੌਹਨਸਨ ਨੇ ਕਿਹਾ, ਅਸੀਂ ਇੱਕ ਹੀ ਬਿੱਲ ਰਾਹੀਂ ਦੇਸ਼ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ, ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਬਣਾ ਰਹੇ ਹਾਂ।
ਹਾਲਾਂਕਿ, ਕਾਂਗਰੇਸਨਲ ਬਜਟ ਦਫਤਰ ਦਾ ਅਨੁਮਾਨ ਹੈ ਕਿ ਇਹ ਪੈਕੇਜ ਅਗਲੇ 10 ਸਾਲਾਂ ਵਿੱਚ 3.3 ਟ੍ਰਿਲੀਅਨ ਡਾਲਰ ਦਾ ਘਾਟਾ ਵਧਾ ਦੇਵੇਗਾ ਅਤੇ ਲਗਭਗ 1.18 ਕਰੋੜ ਅਮਰੀਕੀ ਸਿਹਤ ਕਵਰੇਜ ਤੋਂ ਵਾਂਝੇ ਹੋ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ