ਰੂਪਨਗਰ, 10 ਅਗਸਤ (ਹਿੰ. ਸ.)। ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਕਲਾ ਉਤਸਵ 2025-26 ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਭਵਿਆ ਢੰਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਉਤਸਵ ਇਕ ਰਚਨਾਤਮਕ ਮੰਚ ਵਜੋਂ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਕਲਾ ਅਤੇ ਸਾਂਸਕ੍ਰਿਤਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ।ਉਤਸਵ ਦੀ ਨਿਗਰਾਨੀ ਸਕੂਲ ਦੀ ਪ੍ਰਿੰਸੀਪਲ ਸੰਦੀਪ ਕੌਰ ਨੇ ਕੀਤੀ। ਨੋਡਲ ਇੰਚਾਰਜ ਤਜਿੰਦਰ ਸਿੰਘ ਬਾਜ਼ ਨੇ ਸਮੂਹ ਪ੍ਰੋਗਰਾਮ ਦੀ ਯੋਜਨਾ, ਸੰਚਾਲਨ ਅਤੇ ਲੋਜਿਸਟਿਕਸ ਸੰਭਾਲੇ। ਵਿਸ਼ੇਸ਼ ਮਹਿਮਾਨ ਵਜੋਂ ਡਾਇਟ ਰੂਪਨਗਰ ਦੀ ਪ੍ਰਿੰਸੀਪਲ ਮੋਨੀਕਾ ਭੂਟਾਨੀ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ, ਕਲਾ ਮਨੁੱਖੀ ਅੰਦਰੂਨੀ ਅਭਿਵੈਕਤੀ ਦਾ ਸਰੋਤ ਹੁੰਦੀ ਹੈ। ਅਜਿਹੇ ਉਤਸਵ ਵਿਦਿਆਰਥੀਆਂ ਨੂੰ ਆਪਣੇ ਟੈਲੰਟ ਨੂੰ ਪਹਿਚਾਣਣ, ਵਿਕਸਤ ਕਰਨ ਅਤੇ ਮੰਚ ਮਿਲਣ ਦਾ ਸੁਨਹਿਰਾ ਮੌਕਾ ਦਿੰਦੇ ਹਨ। ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿ ਗਈ, ਸਨਮਾਨ, ਸਾਂਸਕ੍ਰਿਤਕਤਾ ਅਤੇ ਕਲਾ ਵੀ ਅਸਲ ਸਿੱਖਿਆ ਦਾ ਅਹੰਮ ਹਿੱਸਾ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ