ਨਵੀਂ ਦਿੱਲੀ, 1 ਸਤੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਚੱਲ ਰਹੀ ਮੀਟਿੰਗ ਵਿੱਚ ਪਹਿਲਗਾਮ ਘਟਨਾ ਦਾ ਜ਼ਿਕਰ ਕਰਦੇ ਹੋਏ ਅੱਤਵਾਦ ਨੂੰ ਮਨੁੱਖਤਾ ਲਈ ਸਭ ਤੋਂ ਵੱਡੀ ਚੁਣੌਤੀ ਦੱਸਿਆ। ਉਨ੍ਹਾਂ ਕਿਹਾ ਕਿ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਦੋਹਰਾ ਮਾਪਦੰਡ ਸਵੀਕਾਰਯੋਗ ਨਹੀਂ ਹੈ ਅਤੇ ਸਾਰੇ ਦੇਸ਼ਾਂ ਨੂੰ ਇੱਕਜੁੱਟ ਹੋ ਕੇ ਇਸ ਵਿਰੁੱਧ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, ਅੱਤਵਾਦ ਦੇ ਹਰ ਰੂਪ ਅਤੇ ਰੰਗ ਦਾ ਬਿਨਾਂ ਕਿਸੇ ਭੇਦਭਾਵ ਦੇ ਵਿਰੋਧ ਕਰਨਾ ਹੀ ਮਨੁੱਖਤਾ ਪ੍ਰਤੀ ਸਾਡਾ ਫਰਜ਼ ਹੈ।ਤਿਆਨਜਿਨ (ਚੀਨ) ਵਿੱਚ ਆਯੋਜਿਤ 25ਵੇਂ ਐਸ.ਸੀ.ਓ. ਸੰਮੇਲਨ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਪਰੋਕਤ ਗੱਲ ਆਖੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 24 ਸਾਲਾਂ ਤੋਂ ਐਸ.ਸੀ.ਓ. ਦੇ ਅੰਦਰ ਹਮੇਸ਼ਾ ਸਕਾਰਾਤਮਕ ਅਤੇ ਰਚਨਾਤਮਕ ਭੂਮਿਕਾ ਨਿਭਾਈ ਹੈ। ਭਾਰਤ ਦੀ ਨੀਤੀ ਸੁਰੱਖਿਆ, ਕਨੈਕਟੀਵਿਟੀ ਅਤੇ ਮੌਕੇ ਦੇ ਇਨ੍ਹਾਂ ਤਿੰਨ ਥੰਮ੍ਹਾਂ 'ਤੇ ਅਧਾਰਤ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਕਿਸੇ ਵੀ ਦੇਸ਼ ਦੀ ਤਰੱਕੀ ਦੀ ਨੀਂਹ ਹਨ। ਉੱਥੇ ਹੀ, ਅੱਤਵਾਦ ਇਨ੍ਹਾਂ ਟੀਚਿਆਂ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਨੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਪੂਰੀ ਮਨੁੱਖਤਾ ਲਈ ਸਿੱਧਾ ਝਟਕਾ ਹੈ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦੇ ਨਾਲ ਖੜ੍ਹੇ ਦੋਸਤਾਨਾ ਦੇਸ਼ਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਸ ਹਮਲੇ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਅੱਤਵਾਦ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਦੇਸ਼ਾਂ ਦੇ ਵਿਵਹਾਰ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਭਾਰਤ ਨੇ ਜੁਆਇੰਟ ਇਨਫਰਮੇਸ਼ਨ ਆਪ੍ਰੇਸ਼ਨ ਨੂੰ ਲੀਡ ਕਰਕੇ ਅੱਤਵਾਦੀ ਸੰਗਠਨਾਂ ਨਾਲ ਲੜਨ ਦੀ ਪਹਿਲ ਕੀਤੀ ਹੈ। ਟੈਰਰ ਫਾਈਨੈਸ਼ਿੰਗ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ ਦੀ ਸਥਾਪਨਾ ਸਾਲ 2001 ਵਿੱਚ ਹੋਈ ਸੀ ਅਤੇ ਅੱਜ ਇਹ ਏਸ਼ੀਆ ਖੇਤਰ ਵਿੱਚ ਰਾਜਨੀਤਿਕ, ਆਰਥਿਕ ਅਤੇ ਸੁਰੱਖਿਆ ਸਹਿਯੋਗ ਲਈ ਪ੍ਰਮੁੱਖ ਪਲੇਟਫਾਰਮ ਬਣ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ