ਜਗਰਾਓ, 18 ਅਗਸਤ (ਹਿੰ. ਸ.)। ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ-ਮੋਗਾ ਜੀ.ਟੀ.ਰੋਡ ਤੋਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਅਤੇ ਕਾਉਂਕੇ ਕਲਾਂ ਨੂੰ ਜਾਦੀਂ 11 ਫੁੱਟੀ ਸੜਕ ਨੂੰ ਹੁਣ 18 ਫੁੱਟੀ ਬਣਵਾਕੇ ਅੱਜ ਉਸ ਦਾ ਉਦਘਾਟਨ ਕੀਤਾ ਗਿਆ। ਇਹ ਸੜਕ 2 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ ਅਤੇ ਇਸ ਸੜਕ ਦੇ ਨਿਰਮਾਣ ਨਾਲ ਹੁਣ ਗੁਰਦੁਆਰਾ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਵਰੋਸਾਈ ਧਰਤੀ ਨਾਨਕਸਰ ਜਾਣ ਵਾਲੀਆਂ ਸੰਗਤਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਹਲਕਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਗੁਰਦੁਆਰਾ ਨਾਨਕਸਰ ਵਿਖੇ ਹੁੰਦੇ ਧਾਰਮਿੱਕ ਸਮਾਗਮਾਂ ਮੌਕੇ ਅੰਤਰ-ਰਾਸ਼ਟਰੀ ਪੱਧਰ ਤੋਂ ਪਹੁੰਚਣ ਵਾਲੀਆਂ ਵੱਡੀ ਗਿਣਤੀ ਸੰਗਤਾਂ ਕਾਰਨ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾਂ ਪੈਂਦਾ ਸੀ ਅਤੇ ਹੁਣ ਸੜਕ 18 ਫੁੱਟੀ ਹੋਣ ਕਾਰਨ ਰਾਹਗੀਰਾਂ ਨੂੰ ਵੀ ਆਉਣਾ-ਜਾਣਾ ਸੌਖਾ ਹੋ ਜਾਵੇਗਾ ਅਤੇ ਵੱਡੇ ਤੇ ਚੌੜੇ ਵਹੀਕਲ ਵੀ ਇਸ ਸੜਕ ਤੋਂ ਅਸਾਨੀ ਨਾਲ ਜਾ ਸਕਣਗੇ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹ ਲਗਾਤਾਰ ਯਤਨਸ਼ੀਲ ਹਨ ਕਿ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਅਤੇ ਬਹੁਤ ਜਲਦੀ ਹੀ ਜਗਰਾਉਂ ਦੀ ਕੱਚਾ ਮਲਕ ਰੋਡ ਦੇ ਵੀ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਹੇ ਹਨ, ਜਿਸ ਦੇ ਮੁਕੰਮਲ ਹੋਣ ਨਾਲ ਵੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਹਨਾਂ ਆਖਿਆ ਕਿ ਲੋਕਾਂ ਦੀ ਸਹੂਲਤ ਲਈ ਅਖਾੜਾ ਨਹਿਰ ਉਪਰ ਨਵੇਂ ਤੇ ਚੌੜੇ ਪੁਲ ਦਾ ਨਿਰਮਾਣ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਜ਼ਲਦੀ ਹੀ ਲੋਕਾਂ ਦੀ ਸਹੂਲਤ ਲਈ ਚਾਲੂ ਕਰ ਦਿੱਤਾ ਜਾਵੇਗਾ। ਪਿੰਡ ਗਿੱਦੜਵਿੰਡੀ ਵਿਖੇ ਨਵਾਂ 66 ਕੇਵੀ ਗਰਿੱਡ ਸਵਾ ਚਾਰ ਕਰੋੜ ਰੁਪਏ ਦਾ ਲਾਗਤ ਨਾਲ ਬਣ ਰਿਹਾ ਹੈ ਅਤੇ ਪਿੰਡ ਬੁਜਰਗ ਵਿੱਚ ਲਗਭਗ 7 ਕਰੋੜ ਰੁਪਏ ਦੀ ਲਾਗਤ ਨਵਾਂ 66 ਕੇਵੀ ਗਰਿੱਡ ਬਣਨਾਂ ਸ਼ੁਰੂ ਹੋ ਜਾਵੇਗਾ ਅਤੇ ਪਿੰਡ ਭੰਮੀਪੁਰਾ ਵਿਖੇ ਵੀ ਨਵਾਂ 66 ਕੇਵੀ ਗਰਿੱਡ ਮੰਨਜੂਰ ਹੋ ਚੁੱਕਾ ਹੈ ਅਤੇ ਪੌਣੇ ਸੱਤ ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡ ਕਾਉਂਕੇ ਕਲਾਂ ਵਿਖੇ ਵੀ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਕਾਰਵਾਈ ਚੱਲ ਰਹੀ ਹੈ ਅਤੇ ਜ਼ਲਦੀ ਹੀ ਮੰਨਜੂਰ ਕਰਵਾ ਲਿਆ ਜਾਵੇਗਾ।
ਉਹਨਾ ਕਿਹਾ ਕਿ ਜਗਰਾਉਂ ਸ਼ਹਿਰ ਦੇ ਕਮਲ ਚੌਂਕ ਅਤੇ ਪੁਰਾਣੀ ਸਬਜ਼ੀ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਲਗਾਤਾਰ ਜੁਟੇ ਹੋਏ ਹਨ ਅਤੇ ਜ਼ਲਦੀ ਹੀ ਪੈਸੇ ਮੰਨਜੂਰ ਕਰਵਾਕੇ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਉਂਕੇ ਤੋਂ ਡੱਲਾ ਸੜਕ ਵਿੱਚ ਨਵੇਂ ਪੁਲ ਦਾ ਨਿਰਮਾਣ ਹੋ ਚੁੱਕਾ ਹੈ, ਪਿੰਡ ਮਲਕ ਤੋਂ ਬੋਦਲਵਾਲਾ ਵਿਚਕਾਰ ਡਰੇਨ ਉਪਰ ਇੱਕ ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾਕੇ ਚਾਲੂ ਕਰ ਦਿੱਤਾ ਗਿਆ ਹੈ ਅਤੇ ਡੱਲਾ ਨਹਿਰ ਉਪਰ ਵੀ ਨਵਾਂ ਪੁਲ ਬਣਾਇਆ ਜਾਵੇਗਾ ਅਤੇ ਪਿੰਡ ਗਗੜਾ, ਬਾਰਦੇਕੇ ਕੋਲ ਵੀ ਨਹਿਰ ਉਪਰ ਨਵਾਂ ਪੁੱਲ ਮੰਨਜੂਰ ਕਰਵਾਕੇ ਬਣਾਇਆ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹੀ ਸਿਆਸਤ ਵਿੱਚ ਆਏ ਹਨ ਅਤੇ ਲਗਾਤਾਰ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜਕੇ ਮਸਲੇ ਹੱਲ ਕਰਦੇ ਰਹਿਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ