
ਨਵੀਂ ਦਿੱਲੀ, 2 ਸਤੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ 'ਸੈਮੀਕੋਨ ਇੰਡੀਆ 2025' ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਭਾਰਤ ਹੁਣ ਸੈਮੀਕੰਡਕਟਰ ਦੇ ਖੇਤਰ ਵਿੱਚ ਸਿਰਫ਼ ਬੈਕਐਂਡ ਵਰਕ ਤੱਕ ਸੀਮਤ ਨਹੀਂ ਰਹੇਗਾ, ਸਗੋਂ ਤੇਜ਼ੀ ਨਾਲ ਇੱਕ ਫੁੱਲ ਸਟੈਕ ਨੇਸ਼ਨ ਬਣਨ ਵੱਲ ਵਧ ਰਿਹਾ ਹੈ। ਦੇਸ਼ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਦੀ ਪੂਰੀ ਪ੍ਰਕਿਰਿਆ ਆਪਣੇ ਆਪ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ ਅਤੇ ਭਾਰਤ ਨਾਲ ਮਿਲ ਕੇ ਸੈਮੀਕੰਡਕਟਰ ਭਵਿੱਖ ਦਾ ਨਿਰਮਾਣ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਨੀਤੀ ਸਥਿਰਤਾ ਅਤੇ ਤਕਨੀਕੀ ਸਮਰੱਥਾ ਨੇ ਦੇਸ਼ ਨੂੰ ਇੱਕ ਮਜ਼ਬੂਤ ਭਾਈਵਾਲ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਦੇਸ਼ ਵਿੱਚ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਸਾਡਾ ਮੰਨਣਾ ਹੈ ਕਿ ਜਿੰਨਾ ਘੱਟ ਪੇਪਰ ਵਰਕ ਹੋਵੇਗਾ, ਓਨੀ ਹੀ ਜਲਦੀ ਵੈਫਰ ਵਰਕ ਸ਼ੁਰੂ ਹੋ ਸਕਦਾ ਹੈ। ਸਰਕਾਰ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਉਦਯੋਗ ਨੂੰ ਨਵੀਂ ਊਰਜਾ ਦੇਣ ਲਈ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਕਹੇਗੀ - ਡਿਜ਼ਾਈਨ ਇਨ ਇੰਡੀਆ, ਮੇਡ ਇਨ ਇੰਡੀਆ, ਟਰੱਸਟਡ ਬਾਇ ਵਰਡ। (ਭਾਰ ਵਿੱਚ ਡਿਜ਼ਾਈਨ ਕੀਤਾ, ਭਾਰਤ ’ਚ ਬਣਿਆ ਅਤੇ ਦੁਨੀਆ ਦਾ ਭਰੋਸੇਮੰਦ)। ਉਨ੍ਹਾਂ ਨੇ ਤੇਲ ਨੂੰ 'ਬਲੈਕ ਗੋਲਡ' ਕਿਹਾ ਜਾਣ ਦੀ ਧਾਰਨਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਅੱਜ ਚਿਪਸ 'ਡਿਜੀਟਲ ਡਾਇਮੰਡਸ' ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਭਾਰਤ ਇਸ ਖੇਤਰ ਵਿੱਚ ਮੋਹਰੀ ਬਣਨ ਦਾ ਸੰਕਲਪ ਲੈ ਚੁੱਕਾ ਹੈ।
ਇਸ ਮੌਕੇ 'ਤੇ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਧਾਨ ਮੰਤਰੀ ਨੂੰ ਵਿਕ੍ਰਮ 32-ਬਿਟ ਪ੍ਰੋਸੈਸਰ ਅਤੇ ਚਾਰ ਟੈਸਟ ਚਿਪਸ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਇਹ ਇਸਰੋ ਸੈਮੀਕੰਡਕਟਰ ਲੈਬ ਦੁਆਰਾ ਵਿਕਸਤ ਕੀਤਾ ਗਿਆ ਪਹਿਲਾ ਪੂਰੀ ਤਰ੍ਹਾਂ ਮੇਕ-ਇਨ-ਇੰਡੀਆ ਮਾਈਕ੍ਰੋਪ੍ਰੋਸੈਸਰ ਹੈ। ਵਰਤਮਾਨ ਵਿੱਚ, ਪੰਜ ਸੈਮੀਕੰਡਕਟਰ ਯੂਨਿਟ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਪਾਇਲਟ ਲਾਈਨ ਪੂਰੀ ਹੋ ਗਈ ਹੈ।
ਵੈਸ਼ਨਵ ਨੇ ਕਿਹਾ ਕਿ ਵਿਸ਼ਵਵਿਆਪੀ ਨੀਤੀ ਅਸਥਿਰਤਾ ਅਤੇ ਅਨਿਸ਼ਚਿਤਤਾਵਾਂ ਦੇ ਵਿਚਕਾਰ, ਭਾਰਤ ਸਥਿਰਤਾ ਅਤੇ ਵਿਕਾਸ ਦੇ ਚਾਨਣ ਮੁਨਾਰੇ ਵਜੋਂ ਉਭਰਿਆ ਹੈ। ਉਨ੍ਹਾਂ ਉਦਯੋਗ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਕਿਉਂਕਿ ਇੱਥੋਂ ਦੀਆਂ ਨੀਤੀਆਂ ਸਥਿਰ ਹਨ ਅਤੇ ਲੰਬੇ ਸਮੇਂ ਦੇ ਨਿਵੇਸ਼ ਲਈ ਅਨੁਕੂਲ ਹਨ।ਸਮਾਗਮ ਵਿੱਚ ਮੌਜੂਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸੈਮੀਕੋਨ ਇੰਡੀਆ ਸਿਰਫ਼ ਸਮਾਗਮ ਨਹੀਂ ਹੈ, ਸਗੋਂ ਤਕਨੀਕੀ ਪੁਨਰਜਾਗਰਣ ਦਾ ਪ੍ਰਤੀਕ ਹੈ। ਜ਼ਿਕਰਯੋਗ ਹੈ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ ਸਾਢੇ ਤਿੰਨ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਅੱਜ ਇਹ ਦੇਸ਼ ਨੂੰ ਗਲੋਬਲ ਸੈਮੀਕੰਡਕਟਰ ਹੱਬ ਬਣਾਉਣ ਵੱਲ ਫੈਸਲਾਕੁੰਨ ਕਦਮ ਸਾਬਤ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਵੇਰੇ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਸੀਈਓ ਰਾਉਂਡਟੇਬਲ ਵਿੱਚ ਸ਼ਾਮਲ ਹੋਣਗੇ। ਇਹ ਤਿੰਨ ਦਿਨਾਂ ਸੰਮੇਲਨ 2 ਤੋਂ 4 ਸਤੰਬਰ ਤੱਕ ਚੱਲੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਵਿੱਚ ਇੱਕ ਮਜ਼ਬੂਤ ਅਤੇ ਟਿਕਾਊ ਸੈਮੀਕੰਡਕਟਰ ਈਕੋਸਿਸਟਮ ਨੂੰ ਅੱਗੇ ਵਧਾਉਣਾ ਹੈ। ਸੰਮੇਲਨ ਵਿੱਚ 20,750 ਤੋਂ ਵੱਧ ਭਾਗੀਦਾਰ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਅਜਿਹੇ ਸੰਮੇਲਨ 2022 ਵਿੱਚ ਬੰਗਲੁਰੂ, 2023 ਵਿੱਚ ਗਾਂਧੀਨਗਰ ਅਤੇ 2024 ਵਿੱਚ ਗ੍ਰੇਟਰ ਨੋਇਡਾ ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ