
ਇਸਲਾਮਾਬਾਦ, 3 ਸਤੰਬਰ (ਹਿੰ.ਸ.)। ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਮੰਗਲਵਾਰ ਰਾਤ ਨੂੰ ਹੋਏ ਵੱਡੇ ਬੰਬ ਧਮਾਕੇ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 35 ਤੋਂ ਵੱਧ ਜ਼ਖਮੀ ਹੋ ਗਏ। ਬੰਬ ਧਮਾਕੇ ਵਿੱਚ ਜ਼ਖਮੀ ਹੋਏ ਕਈ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਹ ਆਤਮਘਾਤੀ ਧਮਾਕਾ ਬਲੋਚਿਸਤਾਨ ਨੈਸ਼ਨਲ ਪਾਰਟੀ (ਬੀਐਨਪੀ) ਵੱਲੋਂ ਸਰਿਆਬ ਇਲਾਕੇ ਵਿੱਚ ਸ਼ਾਹਵਾਨੀ ਸਟੇਡੀਅਮ ਨੇੜੇ ਆਯੋਜਿਤ ਇੱਕ ਰੈਲੀ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਹੋਇਆ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਾਕਿਸਤਾਨ ਦੇ ਅਖਬਾਰ ਡਾਨ ਦੇ ਅਨੁਸਾਰ, ਮੰਗਲਵਾਰ ਰਾਤ ਨੂੰ ਸਰਦਾਰ ਅਤਾਉੱਲਾ ਮੈਂਗਲ ਦੀ ਚੌਥੀ ਬਰਸੀ ਦੇ ਮੌਕੇ 'ਤੇ ਆਯੋਜਿਤ ਰੈਲੀ ਦੇ ਸਮਾਪਤ ਹੋਣ ਤੋਂ ਲਗਭਗ 15 ਮਿੰਟ ਬਾਅਦ ਇਹ ਧਮਾਕਾ ਹੋਇਆ। ਉਸ ਸਮੇਂ, ਰੈਲੀ ਵਿੱਚ ਹਿੱਸਾ ਲੈਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਮੌਜੂਦ ਸਨ ਅਤੇ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਆਤਮਘਾਤੀ ਹਮਲਾਵਰ ਨੇ ਪਾਰਕਿੰਗ ਖੇਤਰ ਵਿੱਚ ਆਪਣੀ ਜੈਕੇਟ ਵਿੱਚ ਬੰਨ੍ਹੇ ਬੰਬ ’ਚ ਧਮਾਕਾ ਕਰਕੇ ਹਮਲਾ ਕੀਤਾ।
ਘਟਨਾ ਤੋਂ ਬਾਅਦ, ਸੂਬਾਈ ਸਿਹਤ ਮੰਤਰੀ ਬਖਤ ਮੁਹੰਮਦ ਕਾਕਰ ਨੇ ਹਮਲੇ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਹਾਲਾਂਕਿ, ਰੈਲੀ ਦੀ ਅਗਵਾਈ ਕਰ ਰਹੇ ਬੀਐਨਪੀ ਆਗੂ ਇਸ ਹਮਲੇ ਵਿੱਚ ਸੁਰੱਖਿਅਤ ਰਹੇ। ਰੈਲੀ ਦੀ ਅਗਵਾਈ ਕਰ ਰਹੇ ਬੀਐਨਪੀ ਮੁਖੀ ਅਖਤਰ ਮੈਂਗਲ, ਪਖਤੂਨਖਵਾ ਮਿੱਲੀ ਅਵਾਮੀ ਪਾਰਟੀ ਦੇ ਮੁਖੀ ਮਹਿਮੂਦ ਖਾਨ ਅਚਕਜ਼ਈ, ਅਵਾਮੀ ਨੈਸ਼ਨਲ ਪਾਰਟੀ ਦੇ ਅਸਗਰ ਖਾਨ ਅਚਾਕਜ਼ਈ ਵੀ ਰੈਲੀ ਵਿੱਚ ਮੌਜੂਦ ਸਨ। ਇਹ ਸਾਰੇ ਆਗੂ ਹਮਲੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ