
ਬੀਜਿੰਗ, 3 ਸਤੰਬਰ (ਹਿੰ.ਸ.)। ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨੀ ਹਮਲੇ ਵਿਰੁੱਧ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਬੁੱਧਵਾਰ ਨੂੰ ਥਿਆਨਮੇਨ ਸਕੁਏਅਰ ਵਿਖੇ ਚੀਨ ਦੀ ਵਿਕਟ੍ਰੀ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਬਹਾਨੇ ਚੀਨ ਨੇ ਵੱਡੀ ਫੌਜੀ ਪਰੇਡ ਦਾ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਨੂੰ ਲੜਾਕੂ ਜਹਾਜ਼, ਮਿਜ਼ਾਈਲਾਂ ਅਤੇ ਨਵੇਂ ਇਲੈਕਟ੍ਰਾਨਿਕ ਯੁੱਧ ਸਮੇਤ ਆਧੁਨਿਕ ਹਥਿਆਰ ਦਿਖਾਏ। ਇਸ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ, ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੈਂਕੋ ਸਮੇਤ ਮਲੇਸ਼ੀਆ, ਮਿਆਂਮਾਰ, ਮੰਗੋਲੀਆ, ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ, ਮਾਲਦੀਵ ਸਮੇਤ 26 ਦੇਸ਼ਾਂ ਦੇ ਚੋਟੀ ਦੇ ਨੇਤਾ ਮੌਜੂਦ ਸਨ।
ਗਲੋਬਲ ਟਾਈਮਜ਼ ਦੇ ਅਨੁਸਾਰ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮੌਕੇ ਕਿਹਾ ਕਿ ਕੋਈ ਵੀ ਸ਼ਕਤੀ ਚੀਨ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਦਬਦਬਾ ਜਮਾਉਣ ਵਾਲੇ ਤੋਂ ਨਹੀਂ ਡਰਦਾ ਹੈ ਅਤੇ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਨਵਾਂ ਸਫ਼ਰ, ਨਵਾਂ ਯੁੱਗ ਹੈ।
ਇਸ ਮੌਕੇ ਚੀਨ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਪਰੇਡ ਕਰਦੇ ਹੋਏ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਜਿਸ ਵਿੱਚ ਜੇ 20 ਅਤੇ ਜੇ 35 ਵਰਗੇ ਲੜਾਕੂ ਜਹਾਜ਼, ਡੀਐਫ 31 ਏਜੀ ਅਤੇ ਡੀਐਫ 41 ਬੈਲਿਸਟਿਕ ਮਿਜ਼ਾਈਲਾਂ, ਡੀਐਫ-ਜ਼ੈਡਐਫ ਹਾਈਪਰਸੋਨਿਕ ਮਿਜ਼ਾਈਲਾਂ, ਹਵਾਈ ਰੱਖਿਆ ਪ੍ਰਣਾਲੀਆਂ, ਟੈਂਕ ਅਤੇ ਬਖਤਰਬੰਦ ਵਾਹਨ ਸ਼ਾਮਲ ਹਨ। ਪਰੇਡ ਵਿੱਚ 10 ਹਜ਼ਾਰ ਤੋਂ ਵੱਧ ਸੈਨਿਕ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ, ਜਾਪਾਨ ਨੇ ਅਮਰੀਕਾ ਵੱਲੋਂ ਕੀਤੇ ਗਏ ਪ੍ਰਮਾਣੂ ਹਮਲੇ ਤੋਂ ਬਾਅਦ 15 ਅਗਸਤ 1945 ਨੂੰ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸਨੇ 2 ਸਤੰਬਰ 1945 ਨੂੰ ਚੀਨ ਵਿਰੁੱਧ ਹਾਰ ਵੀ ਸਵੀਕਾਰ ਕਰ ਲਈ ਸੀ। ਇਸ ਮੌਕੇ 'ਤੇ, ਚੀਨ ਵਿਕਟ੍ਰੀ ਡੇਅ ਪਰੇਡ ਮਨਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ