
ਤਰਨਤਾਰਨ, 11 ਜਨਵਰੀ (ਹਿੰ. ਸ.)। ਸੀਤ ਲਹਿਰ ਅਤੇ ਡਿੱਗ ਰਹੇ ਤਾਪਮਾਨ ਕਾਰਨ ਵੱਧ ਦੀ ਠੰਡ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਸਿਹਤ ਵਿਭਾਗ ਨੇ ਵਿਸ਼ੇਸ਼ ਸਲਾਹਕਾਰੀ ਜਾਰੀ ਕੀਤੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਸੀਤ ਲਹਿਰ ਦੇ ਮੌਸਮ ਦੌਰਾਨ ਗਰਮ ਕੱਪੜੇ ਪਾ ਕੇ ਜ਼ਰੂਰ ਰੱਖਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਵਧੀ ਠੰਡ ਦੇ ਮੌਸਮ ਦੌਰਾਨ ਛੋਟੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗ ਵਿਅਕਤੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਧੀ ਠੰਡ ਦੇ ਮੱਦੇਨਜ਼ਰ ਕੁੱਝ ਵਿਅਕਤੀ ਬੰਦ ਕਮਰਿਆਂ ਦੇ ਵਿੱਚ ਹੀਟਰ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਹਵਾ ਦੇ ਵਿੱਚੋਂ ਨਮੀਂ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਮਰੇ ਵਿੱਚ ਹੀਟਰ ਲਗਾਇਆ ਜਾਵੇ ਤਾਂ ਉਸ ਕਮਰੇ ਦੇ ਇੱਕ ਨੁੱਕਰ ਵਿੱਚ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ ਜਾਂ ਫਿਰ ਬਾਲਟੀ ਵਿੱਚ ਪਾਣੀ ਭਰ ਕੇ ਰੱਖ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਕਮਰੇ ਦੇ ਅੰਦਰ ਹਵਾ ਦੇ ਵਿੱਚ ਨਮੀਂ ਬਰਕਰਾਰ ਰਹਿੰਦੀ ਹੈ। ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਬਿਜਲਈ ਵਾਲੇ ਗੀਜ਼ਰ ਜਾਂ ਫਿਰ ਗੈਸ ਗੀਜਰਾਂ ਨੂੰ ਬਾਥਰੂਮ ਤੋਂ ਬਾਹਰ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਰਦ ਰੁੱਤ ਦੇ ਮੌਸਮ 'ਚ ਲਗਾਤਾਰ ਘੱਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਪਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸੀਤ ਲਹਿਰ ਦੌਰਾਨ ਆਮ ਤੌਰ 'ਤੇ ਧੂਣੀ, ਚੁੱਲਾ ਅਤੇ ਅੰਗੀਠੀ ਬਾਲੀ ਜਾਂਦੀ ਹੈ ਅਤੇ ਕਈ ਵਾਰ ਲੋਕ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰਿਆਂ 'ਚ ਰੱਖ ਲੈਂਦੇ ਹਨ ਜੋ ਕਿ ਬਹੁਤ ਹੀ ਖਤਰਨਾਕ ਅਤੇ ਜਾਨ ਲੇਵਾ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਰਾਤ ਸਮੇਂ ਬੰਦ ਕਮਰੇ ਵਿੱਚ ਅੰਗੀਠੀ ਬਾਲਣ ਕਾਰਨ ਆਕਸੀਜਨ ਖ਼ਤਮ ਹੋ ਜਾਂਦੀ ਹੈ ਅਤੇ ਕਾਰਬਨ ਮਾਨੋਅਕਸਾਈਡ ਵਰਗੀ ਜ਼ਹਿਰੀਲੀ ਗੈਸ ਨਿਕਲਦੀ ਹੈ ਜੋ ਕਿ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਲੇ ਜਾਂ ਫਿਰ ਅੰਗੀਠੀ ਬਾਲਦਾ ਹੈ ਤਾਂ ਉਸ ਨੂੰ ਬੰਦ ਕਮਰੇ ਵਿੱਚ ਰੱਖਣ ਤੋਂ ਪੂਰੀ ਤਰ੍ਹਾਂ ਗੁਰੇਜ ਕੀਤਾ ਜਾਵੇ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮੀਆਂ ਵੱਲੋਂ ਵਧੀ ਠੰਡ ਦੇ ਮੱਦੇ ਨਜ਼ਰ ਨਰੋਈ ਸਿਹਤ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਠੰਡ ਕਾਰਨ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਸਿਹਤ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਆ ਕੇ ਆਪਣੀ ਸਿਹਤ ਜਾਂਚ ਅਤੇ ਇਲਾਜ ਕਰਵਾਏ।
-------------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ