ਪੀ.ਏ.ਯੂ. ਵੱਲੋਂ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਿੰ. ਸ.)।ਪੀ.ਏ.ਯੂ. ਦੇ ਸਬਜੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸੱਤ ਪਾਲ ਸ਼ਰਮਾ ਦੀ ਯੋਗ ਅਗਵਾਈ ਅਤੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਡਾ. ਕਰਮਜੀਤ ਸ਼ਰਮਾ ਦੀ ਨਿਗਰਾਨੀ ਹੇਠ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਅਤੇ ਸੁਰੱਖਿਅਤ
ਪੀ.ਏ.ਯੂ. ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਸਬੰਧੀ ਲਗਾਏ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਦ੍ਰਿਸ਼.


ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਿੰ. ਸ.)।ਪੀ.ਏ.ਯੂ. ਦੇ ਸਬਜੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸੱਤ ਪਾਲ ਸ਼ਰਮਾ ਦੀ ਯੋਗ ਅਗਵਾਈ ਅਤੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਡਾ. ਕਰਮਜੀਤ ਸ਼ਰਮਾ ਦੀ ਨਿਗਰਾਨੀ ਹੇਠ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਅਤੇ ਸੁਰੱਖਿਅਤ ਖੇਤੀ ਸਬੰਧੀ 19 ਜਨਵਰੀ ਤੋਂ ਪੰਜ ਰੋਜਾ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ 30 ਸਿਖਿਆਰਥੀ ਸ਼ਾਮਿਲ ਹੋਏ।

ਇਸ ਕੋਰਸ ਦੌਰਾਨ ਡਾ. ਕਰਮਜੀਤ ਸ਼ਰਮਾ ਨੇ ਸਿਖਿਆਰਥੀਆਂ ਨੂੰ ਸਬਜੀਆਂ ਦੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸਬਜੀਆਂ ਦੀ ਪਨੀਰੀ ਦੀ ਕਾਸ਼ਤ ਕਰਕੇ ਅਤੇ ਸੁਰੱਖਿਅਤ ਖੇਤੀ ਨਾਲ ਘੱਟ ਜ਼ਮੀਨ ਵਿੱਚੋਂ ਵੀ ਵਧੀਆ ਆਮਦਨ ਲਈ ਜਾ ਸਕਦੀ ਹੈ। ਪੀ.ਏ.ਯੂ. ਲੁਧਿਆਣਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਡਾ. ਦਿਲਪ੍ਰੀਤ ਤਲਵਾੜ, ਪਸਾਰ ਵਿਗਿਆਨੀ (ਸਬਜੀ ਵਿਗਿਆਨ) ਨੇ ਇਸ ਮੌਕੇ ਸਬਜੀਆਂ ਦੀ ਸਫ਼ਲ ਕਾਸ਼ਤ ਦੇ ਸੁਧਰੇ ਢੰਗਾਂ ਉੱਪਰ ਚਾਨਣਾ ਪਾਇਆ। ਇਸ ਦੇ ਨਾਲ-ਨਾਲ ਉਹਨਾਂ ਨੇ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ, ਸੁਰੱਖਿਅਤ ਖੇਤੀ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਅਤੇ ਗਮਲਿਆਂ ਵਿੱਚ ਸਬਜੀਆਂ ਦੀ ਕਾਸ਼ਤ ਸਬੰਧੀ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਪ੍ਰੋਗਰਾਮ ਦੌਰਾਨ ਡਾ. ਸੁਖਜਿੰਦਰ ਸਿੰਘ ਮਾਨ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਸਬਜੀਆਂ ਦੀਆਂ ਉੱਨਤ ਕਿਸਮਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ-ਨਾਲ ਉਹਨਾਂ ਨੇ ਸੁਰੱਖਿਅਤ ਖੇਤੀ ਵਿੱਚ ਸਬਜੀਆਂ ਦੀ ਚੋਣ ਸਬੰਧੀ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਨੇ ਪੰਜ ਦਿਨਾਂ ਵਿੱਚ ਸਿਖਿਆਰਥੀਆਂ ਨੂੰ ਵੱਖ-ਵੱਖ ਸੁਰੱਖਿਅਤ ਖੇਤੀ ਦੀਆਂ ਸਬਜੀਆਂ ਜਿਵੇਂ ਬੈਂਗਣ, ਟਮਾਟਰ, ਸ਼ਿਮਲਾ ਮਿਰਚ, ਖੀਰਾ ਅਤੇ ਨੀਵੀਆਂ ਸੁਰੰਗਾਂ ਵਿੱਚ ਸਬਜੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਸਿਖਿਆਰਥੀਆਂ ਦਾ ਅਭਿਆਸ ਕਰਵਾਇਆ।

ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਸਬਜੀਆਂ ਵਿੱਚ ਸਿੰਚਾਈ ਪ੍ਰਬੰਧਨ, ਖੁਰਾਕੀ ਤੱਤਾਂ ਦੇ ਪ੍ਰਬੰਧਨ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਸਿਖਿਆਰਥੀਆਂ ਨੂੰ ਸਬਜੀਆਂ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਸਬਜੀਆਂ ਅਤੇ ਫ਼ਲਾਂ ਦੀ ਘਰੇਲੂ ਪੌਸ਼ਟਿਕ ਬਗੀਚੀ ਦੀ ਮਹੱਤਤਾ ਸਮਝਾਉਂਦੇ ਹੋਏ ਘਰਾਂ ਵਿੱਚ ਥਾਂ ਦੀ ਉਪਲੱਬਧਤਾ ਦੇ ਹਿਸਾਬ ਨਾਲ ਘਰੇਲੂ ਬਗੀਚੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਨਾਲ ਉਹਨਾਂ ਨੇ ਘਰੇਲੂ ਖਰਚੇ ਘਟਾਉਣ ਵਿੱਚ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ।

ਇਸ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਸਬਜੀਆਂ ਦੀ ਕਾਸ਼ਤ ਸ਼ੁਰੂ ਕਰਨ ਲਈ ਮੁਢਲੀ ਸਹਾਇਤਾ ਵਜੋਂ ਕੱਦੂ ਜਾਤੀ ਦੀਆਂ ਸਬਜੀਆਂ ਦੇ ਬੀਜ, ਗਰਮ ਰੁੱਤ ਦੀਆਂ ਸਬਜੀਆਂ ਦੀ ਬੀਜ ਕਿੱਟ, ਸਬਜੀਆਂ ਦੀ ਪਨੀਰੀ, ਪਲੱਗ ਟਰੇਆਂ, ਗਰੋਅ ਬੈਗ ਅਤੇ ਸਬਜੀਆਂ ਨਾਲ ਸਬੰਧਿਤ ਸਾਹਿਤ ਵੀ ਸਿਖਿਆਰਥੀਆਂ ਨੂੰ ਵੰਡਿਆ ਗਿਆ। ਪ੍ਰੋਗਰਾਮ ਦੇ ਆਖਰੀ ਦਿਨ ਸਿਖਿਆਰਥੀਆਂ ਨੂੰ ਇਸ ਸਿਖਲਾਈ ਦੇ ਪ੍ਰਮਾਣ ਪੱਤਰ ਵੀ ਦਿੱਤੇ ਗਏ। ਇਸ ਪ੍ਰੋਗਰਾਮ ਲਈ ਸਿਖਿਆਰਥੀਆਂ ਨੇ ਸਬਜੀਆਂ ਦੀ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਪੀ.ਏ.ਯੂ, ਲੁਧਿਆਣਾ ਅਤੇ ਕੇ.ਵੀ.ਕੇ ਸ੍ਰੀ ਮੁਕਤਸਰ ਸਾਹਿਬ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande