
ਮੋਹਾਲੀ, 23 ਜਨਵਰੀ (ਹਿੰ. ਸ.)। ਪ੍ਰਯੋਗ ਫਾਊਂਡੇਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਠਲਾਨਾ ਵਿੱਚ ਸ਼ੁਰੂ ਕੀਤੀ ਗਈ ਸੈਲਫੀ ਵਿਦ ਟ੍ਰੀ ਮੁਹਿੰਮ ਤਹਿਤ ਬੂਟਿਆਂ ਦੀ ਦੇਖਭਾਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।
ਗਣਤੰਤਰ ਦਿਵਸ ਮੌਕੇ ’ਤੇ ਆਯੋਜਿਤ ਪ੍ਰੋਗਰਾਮ ਦੌਰਾਨ ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਨੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ, ਉੱਥੇ ਪ੍ਰਯੋਗ ਫਾਊਂਡੇਸ਼ਨ ਰਾਹੀਂ ਸਕੂਲੀ ਬੱਚਿਆਂ ਦੀ ਮਦਦ ਕਰ ਰਹੀ ਸਮਾਜ ਸੇਵਿਕਾ ਪੂਜਾ ਜੈਸਵਾਲ ਨੇ ਕਿਹਾ ਕਿ ਅਗਸਤ ਮਹੀਨੇ ਦੌਰਾਨ ਬੱਚਿਆਂ ਤੋਂ ਇੱਥੇ ਬੂਟੇ ਲਗਾਵਾਏ ਗਏ ਸਨ। ਜਿਸਦੀ ਦੇਖਭਾਲ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਦਿੱਤੀ ਗਈ ਸੀ। ਸਕੂਲੀ ਬੱਚਿਆਂ ਨੇ ਬੂਟਿਆਂ ਦੀ ਦੇਖਭਾਲ ਕੀਤੀ ਹੈ।
ਇਸ ਮੌਕੇ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਠਲਾਨਾ ਨੇ ਪ੍ਰਯੋਗ ਫਾਊਂਡੇਸ਼ਨ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਲਈ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਕਾਰਜਾਂ ਲਈ ਧੰਨਵਾਦ ਪ੍ਰਗਟ ਕੀਤਾ।
ਪ੍ਰਯੋਗ ਫਾਊਂਡੇਸ਼ਨ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਜਿੱਥੇ ਅੱਜ ਮਿਡਲ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਰਜਿਸਟਰ ਅਤੇ ਪੈੱਨ ਵਰਗੀ ਪੜ੍ਹਾਈ ਸਮੱਗਰੀ ਵੰਡੀ ਗਈ ਹੈ, ਉੱਥੇ ਸਕੂਲ ਅਧਿਆਪਕਾ ਪ੍ਰਿਯੰਕਾ ਮਿੱਢਾ ਦੀ ਮੰਗ 'ਤੇ ਵਿਦਿਆਰਥੀਆਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੂਜਾ ਜੈਸਵਾਲ ਦੀ ਮਦਦ ਨਾਲ ਵਾਟਰ ਪਿਊਰੀਫਾਇਰ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ