
ਲੁਧਿਆਣਾ, 07 ਜਨਵਰੀ (ਹਿੰ. ਸ.)। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਥਾਨਕ ਨਗਰ ਕੌਂਸਲ ਸਾਹਨੇਵਾਲ ਅਧੀਨ ਵਾਰਡ ਨੰ. 2 ਵਿਖੇ ਨਵੇਂ ਪਾਰਕ ਦੇ ਨਿਰਮਾਣ ਕਾਰਜ਼ਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਇੱਥੇ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਬਣੇ ਛੱਪੜ ਨੂੰ ਬੰਦ ਕਰਵਾ ਕੇ ਨਵਾਂ ਪਾਰਕ ਬਣਾਇਆ ਜਾ ਰਿਹਾ ਹੈ ਜਿਸਦੀ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੂਰੀ ਤਰਾਂ ਵਿਕਾਸ ਦੀਆਂ ਲੀਹਾਂ 'ਤੇ ਚੱਲ ਰਿਹਾ ਹੈ ਜਿਸਦੇ ਤਹਿਤ ਪਿੰਡਾਂ, ਸ਼ਹਿਰਾ ਅਤੇ ਕਸਬਿਆ ਅੰਦਰ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਵਾਤਵਾਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬਾਅਦ ਵਿੱਚ, ਉਨ੍ਹਾਂ ਕੱਚੇ ਮਕਾਨਾਂ ਵਾਲੇ 46 ਲੋੜਵੰਦ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦੇ ਚੈੱਕ ਵੀ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ, ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਭਾਟੀਆ, ਵਾਰਡ ਨੰ.2 ਦੇ ਕੌਂਸਲਰ ਅਤੇ ਨਗਰ ਕੌਂਸਲ ਸਾਹਨੇਵਾਲ ਦੇ ਮੀਤ ਪ੍ਰਧਾਨ ਸਵਰਨ ਕੁਮਾਰ ਸੋਨੀ ਅਤੇ ਟ੍ਰੇਡ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ ਵੀ ਮੌਜੂਦ ਸਨ। ਇਸ ਮੌਕੇ ਕੌਂਸਲਰ ਸਵਰਨ ਕੁਮਾਰ ਸੋਨੀ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਇਸ ਗੰਦੇ ਛੱਪੜ ਨੂੰ ਬੰਦ ਕਰਵਾ ਕੇ ਇਕ ਸੁੰਦਰ ਪਾਰਕ ਬਨਾਉਣ ਦਾ ਜੋ ਵਾਅਦਾ ਕੀਤਾ ਸੀ ਅੱਜ ਉਸ ਵਾਅਦੇ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਪੂਜਾ ਰਾਣੀ ਅਤੇ ਪ੍ਰਧਾਨ ਰਾਜਦੀਪ ਭਾਟੀਆ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਾਰਕ ਤਰਕੀਬਨ 5 ਏਕੜ ਵਿੱਚ ਬਣਨ ਜਾ ਰਹੀ ਹੈ ਅਤੇ ਇਸ ਪਾਰਕ ਨੂੰ ਬਨਾਉਣ 'ਤੇ ਲਗਭਗ 69 ਲੱਖ 13 ਹਜ਼ਾਰ ਰੁਪਏ ਖਰਚ ਆਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ