
ਫਰੀਦਕੋਟ, 01 ਅਕਤੂਬਰ (ਹਿੰ.ਸ.)| ਜ਼ਿਲ੍ਹਾ ਫਰੀਦਕੋਟ ਦੇ ਜੈਤੋ ਥਾਣਾ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 40 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਅਤੇ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੈਤੋ ਵਾਸੀ ਕਿਚਛੀ, ਪੂਨਮ, ਚੰਦਾ, ਤਮੰਨਾ ਅਤੇ ਗੋਬਿੰਦ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜੈਤੋ ਥਾਣੇ ਦੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਜੈਤੋ-ਮੁਕਤਸਰ ਬਾਈਪਾਸ ਲਿੰਕ ਰੋਡ 'ਤੇ ਮੌਜੂਦ ਸੀ।
ਇਸੇ ਦੌਰਾਨ ਸ਼ੱਕ ਦੇ ਆਧਾਰ 'ਤੇ ਤਿੰਨ ਔਰਤਾਂ ਕਿਚਛੀ, ਪੂਨਮ ਅਤੇ ਚੰਦਾ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਪੁਲਿਸ ਦੇ ਅਨੁਸਾਰ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮਾਮਲੇ ਵਿੱਚ ਤਮੰਨਾ ਅਤੇ ਗੋਬਿੰਦ ਸਿੰਘ ਦੇ ਨਾਮ ਸਾਹਮਣੇ ਆਏ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਡੀਐੱਸਪੀ ਜੈਤੋ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਜੈਤੋ ਦੇ ਜੱਜ ਘੜਾ ਮੁਹੱਲੇ ਵਿੱਚ ਨਸ਼ੇ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਬਰਾਮਦ ਕੀਤੀ ਹੈਰੋਇਨ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH