
ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤਪੰਜਾਬ ਵਿੱਚ ਵਿਸ਼ੇਸ਼ ਗਹਿਰੀ ਸੁਧਾਈ 2026 ਸਫ਼ਲਤਾਪੂਰਵਕ ਮੁਕੰਮਲ: ਅਨਿੰਦਿਤਾ ਮਿਤਰਾ
ਚੰਡੀਗੜ੍ਹ, 12 ਅਕਤੂਬਰ (ਹਿੰ.ਸ.)| ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 14.05.2026 ਦੇ ਨੋਟੀਫਿਕੇਸ਼ਨ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਪ੍ਰਕਿਰਿਆ ਪੰਜਾਬ ਵਿੱਚ 25 ਜੂਨ 2026 ਤੋਂ ਸ਼ੁਰੂ ਕੀਤੀ ਗਈ ਸੀ। ਪੰਜਾਬ ਨੂੰ ਇਸ ਵਿਸ਼ੇਸ਼ ਗਹਿਰੀ ਸੁਧਾਈ,2026 ਦੇ ਤੀਜੇ ਪੜਾਅ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਤਹਿਤ ਅੱਜ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ।
ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ, ਆਈ.ਏ.ਐਸ. ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓਜ਼), ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਦੇ ਦਫ਼ਤਰਾਂ ਅਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਕੋਲ ਉਪਲਬਧ ਹਨ। ਇਹ ਸੂਚੀਆਂ ਮੁੱਖ ਚੋਣ ਅਫ਼ਸਰ, ਪੰਜਾਬ ਦੀ ਸਰਕਾਰੀ ਵੈੱਬਸਾਈਟ www.ceopunjab.gov.in ਅਤੇ ਨਾਗਰਿਕ ਸੇਵਾ ਪੋਰਟਲ www.voters.eci.gov.in ਤੋਂ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।
ਸੀ.ਈ.ਓ. ਪੰਜਾਬ ਵੱਲੋਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਦੀਆਂ ਹਾਰਡ ਕਾਪੀਆਂ ਅਤੇ ਸਾਫਟ ਕਾਪੀਆਂ ਸੌਂਪੀਆਂ ਗਈਆਂ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਡਮੁੱਲੇ ਸਹਿਯੋਗ, ਖ਼ਾਸ ਕਰਕੇ ਸੂਬੇ ਭਰ ਵਿੱਚ ਤਾਇਨਾਤ 89,395 ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਰਗਰਮ ਭਾਗੀਦਾਰੀ ਸਦਕਾ ਇਹ ਕਾਰਜ ਨੇਪਰੇ ਚੜ੍ਹ ਸਕਿਆ।
ਪੰਜਾਬ ਵਿੱਚ 9 ਜੂਨ 2026 ਤੱਕ ਕੁੱਲ 2,14,61,043 ਰਜਿਸਟਰਡ ਵੋਟਰ ਸਨ, ਜਿਨ੍ਹਾਂ ਵਿੱਚ 1,11,76,866 ਪੁਰਸ਼, 1,02,83,478 ਮਹਿਲਾ ਅਤੇ 699 ਥਰਡ ਜੈਂਡਰ ਵੋਟਰ ਸ਼ਾਮਲ ਸਨ। ਘਰ-ਘਰ ਜਾ ਕੇ ਵੇਰਵੇ ਦਰਜ ਕਰਨ ਦੇ ਪੜਾਅ (25 ਜੂਨ ਤੋਂ 3 ਅਗਸਤ 2026) ਦੌਰਾਨ ਬੀ.ਐਲ.ਓਜ਼ ਨੇ ਰਜਿਸਟਰਡ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਅਤੇ ਇਕੱਤਰ ਕੀਤੇ।
ਖਰੜਾ ਵੋਟਰ ਸੂਚੀ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਕੁੱਲ 1,93,94,435 ਵੋਟਰ ਸਨ। ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੇ ਸਮੇਂ ਦੌਰਾਨ ਸਰਗਰਮ ਭਾਗੀਦਾਰੀ ਲਈ ਸੂਬੇ ਭਰ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖਰੜਾ ਵੋਟਰ ਸੂਚੀ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਸਨ।
ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਮਿਆਦ (13 ਅਗਸਤ ਤੋਂ 12 ਸਤੰਬਰ 2026) ਦੌਰਾਨ ਨਾਗਰਿਕਾਂ ਨੂੰ ਖਰੜਾ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਪੜਤਾਲ ਕਰਨ ਅਤੇ ਲੋੜ ਪੈਣ 'ਤੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ। ਅਰਜ਼ੀਆਂ ਆਨਲਾਈਨ, ਈਸੀਆਈਨੈੱਟ ਮੋਬਾਈਲ ਐਪ ਰਾਹੀਂ, ਬੀ.ਐਲ.ਓਜ਼ ਰਾਹੀਂ ਆਫ਼ਲਾਈਨ ਜਾਂ ਈ.ਆਰ.ਓਜ਼ ਦੇ ਦਫ਼ਤਰਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ। ਇਸ ਦੌਰਾਨ ਸੀ.ਈ.ਓ. ਪੰਜਾਬ, 19 ਰੋਲ ਆਬਜ਼ਰਵਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਫੀਲਡ ਦਾ ਵਿਆਪਕ ਦੌਰਾ ਕੀਤਾ ਅਤੇ ਪ੍ਰਾਪਤ ਹੋਏ ਦਾਅਵਿਆਂ ਤੇ ਇਤਰਾਜ਼ਾਂ ਦੀ ਸੁਪਰ-ਚੈਕਿੰਗ ਕੀਤੀ।
ਨੋਟਿਸ ਪੜਾਅ/ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ (13 ਅਗਸਤ ਤੋਂ 8 ਅਕਤੂਬਰ 2026) ਦੌਰਾਨ ਅਣ-ਮੈਪਡ ਵੋਟਰਾਂ ਅਤੇ ਤਰੁੱਟੀਆਂ ਵਾਲੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਪਿੰਡ ਪੱਧਰ 'ਤੇ ਈ.ਆਰ.ਓਜ਼/ਏ.ਈ.ਆਰ.ਓਜ਼ ਵੱਲੋਂ ਸੁਣਵਾਈਆਂ ਕੀਤੀਆਂ ਗਈਆਂ ਅਤੇ ਦਸਤਾਵੇਜ਼ਾਂ ਤੇ ਬੀ.ਐਲ.ਓਜ਼ ਦੀਆਂ ਰਿਪੋਰਟਾਂ ਦੀ ਪੜਤਾਲ ਉਪਰੰਤ ਫ਼ੈਸਲੇ ਲਏ ਗਏ। ਸੀ.ਈ.ਓ. ਪੰਜਾਬ ਨੇ ਦੱਸਿਆ ਕਿ ਚੋਣ ਮਸ਼ੀਨਰੀ ਨੇ ਨੋਟਿਸ ਮਿਆਦ ਦੌਰਾਨ ਲੋਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਂਦਿਆਂ ਇੱਕ ਸੁਚਾਰੂ ਮਾਹੌਲ ਪ੍ਰਦਾਨ ਕੀਤਾ।
ਵੋਟਰਾਂ ਦੀ ਮਦਦ ਲਈ ਈ.ਆਰ.ਓ. ਅਤੇ ਡੀ.ਈ.ਓ. ਪੱਧਰ 'ਤੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਸਨ।ਨੋਟਿਸ ਜਾਰੀ ਕੀਤੇ ਗਏ 35,49,036 ਵੋਟਰਾਂ ਵਿੱਚੋਂ 86,038 ਵੋਟਰਾਂ ਨੂੰ ਵਿਆਪਕ ਪੜਤਾਲ ਅਤੇ ਸਪੀਕਿੰਗ ਆਰਡਰਜ਼ ਰਾਹੀਂ ਅਯੋਗ ਕਰਾਰ ਦਿੱਤਾ ਗਿਆ।
ਖਰੜਾ ਸੂਚੀ ਦੇ ਕੁੱਲ 1,93,94,435 ਵੋਟਰਾਂ ਦੇ ਮੁਕਾਬਲੇ ਅੰਤਿਮ ਸੂਚੀ ਵਿੱਚ ਵੋਟਰਾਂ ਦੀ ਗਿਣਤੀ ਵਧ ਕੇ 2,01,00,727 ਹੋ ਗਈ ਹੈ, ਜੋ ਕਿ 3.64 ਫੀਸਦ ਦਾ ਵਾਧਾ ਦਰਸਾਉਂਦੀ ਹੈ। ਅੰਤਿਮ ਸੂਚੀ ਦੇ ਕੁੱਲ 2,01,00,727 ਵੋਟਰਾਂ ਵਿੱਚ 1,03,76,026 ਪੁਰਸ਼, 97,24,195 ਮਹਿਲਾ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਸਰਵਿਸ ਵੋਟਰਾਂ ਨਾਲ ਸਬੰਧਤ ਸਪੈਸ਼ਲ ਸਮਰੀ ਰਵੀਜ਼ਨ ਦੀ ਅੰਤਿਮ ਵੋਟਰ ਸੂਚੀ (ਯੋਗਤਾ ਮਿਤੀ 01 ਅਕਤੂਬਰ 2026 ਦੇ ਆਧਾਰ 'ਤੇ) ਵੀ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ।
ਵੋਟਰਾਂ ਦੀ ਪਹੁੰਚ ਨੂੰ ਆਸਾਨ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨਲਾਈਜ਼ੇਸ਼ਨ ਕੀਤਾ ਗਿਆ, ਜਿਸ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧ ਕੇ 25,332 ਹੋ ਗਈ ਹੈ।
ਮੁੱਖ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਜਿਹੜੇ ਯੋਗ ਵਿਅਕਤੀ ਕਿਸੇ ਵੀ ਕਾਰਨ ਕਰਕੇ ਅੰਤਿਮ ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਵੀ ਸ਼ਾਮਲ ਹੋਣ ਤੋਂ ਰਹਿ ਗਏ ਹਨ ਜਾਂ ਨਵੇਂ ਵੋਟਰ ਵਜੋਂ ਨਾਂ ਦਰਜ ਕਰਵਾਉਣਾ ਚਾਹੁੰਦੇ ਹਨ, ਉਹ ਈ.ਸੀ.ਆਈ.ਨੈਟ ਐਪ ਰਾਹੀਂ ਆਨਲਾਈਨ ਜਾਂ ਆਪਣੇ ਸਬੰਧਤ ਬੀ.ਐਲ.ਓ. ਰਾਹੀਂ ਫਾਰਮ ਨੰਬਰ 6 ਭਰ ਕੇ ਆਫ਼ਲਾਈਨ ਅਪਲਾਈ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH