ਪੰਜਾਬ ਬਾਰਡਰ ’ਤੇ ਯੂਪੀ ਤੋਂ ਆਇਆ ਝੋਨੇ ਦਾ ਟਰੱਕ ਕਾਬੂ, ਪੁਲਿਸ ਹਵਾਲੇ ਕੀਤਾ
ਝੋਨੇ ਸਬੰਧੀ ਦਸਤਾਵੇਜ਼ ਨਾ ਮਿਲਣ ’ਤੇ ਕਾਰਵਾਈ,ਕੇਸ ਦਰਜ ਦੁੱਧਨਸਾਧਾਂ (ਪਟਿਆਲਾ), 18 ਅਕਤੂਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸਾਉਣੀ ਸੀਜ਼ਨ 2026-27 ਦੌਰਾਨ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਦੂਜੇ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਘੱਟੋ-ਘ
ਫੜ੍ਹੇ ਹੋਏ ਟਰੱਕ ਦੀ ਫੋਟੋ।


ਝੋਨੇ ਸਬੰਧੀ ਦਸਤਾਵੇਜ਼ ਨਾ ਮਿਲਣ ’ਤੇ ਕਾਰਵਾਈ,ਕੇਸ ਦਰਜ

ਦੁੱਧਨਸਾਧਾਂ (ਪਟਿਆਲਾ), 18 ਅਕਤੂਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸਾਉਣੀ ਸੀਜ਼ਨ 2026-27 ਦੌਰਾਨ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਦੂਜੇ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਵੇਚਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਦੁੱਧਨਸਾਧਾਂ ਦੇ ਇੰਟਰਸਟੇਟ ਬੈਰੀਅਰ ’ਤੇ ਉੱਤਰ ਪ੍ਰਦੇਸ਼ ਤੋਂ ਆ ਰਹੇ ਪੀਆਰ ਝੋਨੇ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ।ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਸਕੱਤਰ ਅਸ਼ੋਕ ਕੁਮਾਰ ਜਿੰਦਲ ਨੇ ਦੱਸਿਆ ਕਿ ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਮੰਡੀ ਅਫ਼ਸਰ ਪਟਿਆਲਾ ਅਸਲਮ ਮੁਹੰਮਦ ਦੀ ਅਗਵਾਈ ਅਤੇ ਐੱਸਡੀਐੱਮ ਦੁੱਧਨਸਾਧਾਂ ਹਰਜੋਤ ਕੌਰ ਦੀਆਂ ਹਦਾਇਤਾਂ ਅਨੁਸਾਰ ਬੈਰੀਅਰਾਂ ’ਤੇ ਚੌਕਸੀ ਵਧਾਈ ਗਈ ਹੈ। ਮਾਰਕੀਟ ਕਮੇਟੀ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਮੁਲਾਜ਼ਮ 24 ਘੰਟੇ ਸ਼ਿਫਟਾਂ ਵਿੱਚ ਡਿਊਟੀ ਨਿਭਾ ਕੇ ਵਾਹਨਾਂ ਦੀ ਜਾਂਚ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟਰੱਕ ਨੰਬਰ ਐੱਚਪੀ 72 ਡੀ 5277 ਨੂੰ ਰੋਕਿਆ ਗਿਆ। ਜਾਂਚ ਦੌਰਾਨ ਟਰੱਕ ਵਿੱਚ ਪੀਆਰ ਝੋਨਾ ਲੱਦਿਆ ਮਿਲਿਆ, ਪਰ ਡਰਾਈਵਰ ਕੋਲ ਝੋਨੇ ਸਬੰਧੀ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਟਰੱਕ ਵਿੱਚ ਡਰਾਈਵਰ ਤੋਂ ਇਲਾਵਾ ਰਮੇਸ਼ ਲਾਲ ਪੁੱਤਰ ਸੁੰਦਰ ਲਾਲ, ਵਾਸੀ ਰਮਾਣਾ ਰਮਾਣੀ, ਜ਼ਿਲ੍ਹਾ ਕਰਨਾਲ, ਹਰਿਆਣਾ ਵੀ ਮੌਜੂਦ ਸੀ।ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਝੋਨਾ ਉੱਤਰ ਪ੍ਰਦੇਸ਼ ਦੇ ਹਰਦੋਈ ਤੋਂ ਲਿਆਂਦਾ ਗਿਆ ਸੀ ਅਤੇ ਇਸ ਨੂੰ ਪਟਿਆਲਾ ਲਿਜਾਇਆ ਜਾ ਰਿਹਾ ਸੀ। ਵਿਭਾਗੀ ਟੀਮ ਨੇ ਮੌਕੇ ’ਤੇ ਸੈਂਪਲ ਵੀ ਲਏ। ਝੋਨੇ ਦੀ ਆਮਦ ਸਬੰਧੀ ਤਸੱਲੀਬਖ਼ਸ਼ ਦਸਤਾਵੇਜ਼ ਪੇਸ਼ ਨਾ ਕੀਤੇ ਜਾਣ ਕਾਰਨ ਟਰੱਕ ਅਤੇ ਸਬੰਧਤ ਵਿਅਕਤੀਆਂ ਨੂੰ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ।ਸਕੱਤਰ ਅਨੁਸਾਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਚੈਕਿੰਗ ਜਾਰੀ ਰਹੇਗੀ। ਇਸੇ ਦੌਰਾਨ ਡਿਪਟੀ ਜਨਰਲ ਮੈਨੇਜਰ ਰਜਨੀਸ਼ ਗੋਇਲ ਨੇ ਘੜਾਮ, ਦੇਵੀਗੜ੍ਹ ਅਤੇ ਦੁੱਧਨਸਾਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਆੜ੍ਹਤੀਆਂ ਦੇ ਹੀਪ ਰਜਿਸਟਰ ਸਮੇਤ ਹੋਰ ਰਿਕਾਰਡ ਦੀ ਜਾਂਚ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande