ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਦੂਧਨਸਾਧਾਂ ਮੰਡੀ ਵਿੱਚ ਰੁਕੀ ਹੋਈ ਖਰੀਦ ਮੁੜ ਸ਼ੁਰੂ ਕਰਵਾਈ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਪਟਿਆਲਾ, 24 ਅਕਤੂਬਰ (ਹਿੰ.ਸ.)| ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਦੂਧਨਸਾਧਾਂ ਅਤੇ ਦੇਵੀਗੜ੍ਹ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰ
ਮੀਟਿੰਗ ਕਰਦੇ ਹੋਏ ਐਸ.ਡੀ.ਐਮ. ਹਰਜੋਤ ਕੌਰ ਮਾਵੀ


ਦੂਧਨਸਾਧਾਂ ਮੰਡੀ ਵਿੱਚ ਰੁਕੀ ਹੋਈ ਖਰੀਦ ਮੁੜ ਸ਼ੁਰੂ ਕਰਵਾਈ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ

ਪਟਿਆਲਾ, 24 ਅਕਤੂਬਰ (ਹਿੰ.ਸ.)| ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਦੂਧਨਸਾਧਾਂ ਅਤੇ ਦੇਵੀਗੜ੍ਹ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਦੌਰਾਨ ਉਨ੍ਹਾਂ ਦੂਧਨਸਾਧਾਂ ਮੰਡੀ ਵਿੱਚ ਰੁਕੀ ਹੋਈ ਝੋਨੇ ਦੀ ਖਰੀਦ ਮੁੜ ਸ਼ੁਰੂ ਕਰਵਾਈ।

ਮਾਰਕੀਟ ਕਮੇਟੀ ਦੂਧਨਸਾਧਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਖਰੀਦ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਪਰਮਲ ਝੋਨੇ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਵਧੀਆ ਰਿਹਾ ਹੈ ਅਤੇ ਫ਼ਸਲ ਨੂੰ ਬਿਮਾਰੀਆਂ ਦਾ ਵੀ ਜ਼ਿਆਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਬਾਸਮਤੀ ਦੀ ਥਾਂ ਪਰਮਲ ਝੋਨੇ ਦੀ ਕਾਸ਼ਤ ਕੀਤੀ ਹੈ, ਜਦਕਿ ਕੁਝ ਕਿਸਾਨ ਨਵੀਂ ਮੈਪਿੰਗ ਕਰਵਾ ਕੇ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਰਹੇ ਹਨ।

ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਇਸ ਵਾਰ ਦੂਧਨਸਾਧਾਂ ਅਤੇ ਦੇਵੀਗੜ੍ਹ ਮੰਡੀਆਂ ਵਿੱਚ ਪਰਮਲ ਝੋਨੇ ਦੀ ਆਮਦ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵਾਂ ਮੰਡੀਆਂ ਵਿੱਚ ਖਰੀਦ ਦੇ ਟੀਚੇ ਵਧਾਏ ਜਾਣ, ਤਾਂ ਜੋ ਫ਼ਸਲ ਦੀ ਖਰੀਦ ਸਮੇਂ ਸਿਰ ਹੋ ਸਕੇ।

ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਫ਼ਸਲ ਵੇਚਣ ਵਿੱਚ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੇ ਵੀ ਮਸਲਿਆਂ ਦੇ ਜਲਦੀ ਨਿਪਟਾਰੇ ਦਾ ਭਰੋਸਾ ਦਿੱਤਾ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਲਦੇਵ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਖੇਤੀਬਾੜੀ ਅਧਿਕਾਰੀ ਮਨਦੀਪ ਸਿੰਘ, ਵਿਮਲਪ੍ਰੀਤ ਸਿੰਘ ਜੋਸ਼ਨ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਵਰਿੰਦਰਪਾਲ ਕੌਰ ਅਤੇ ਸਕੱਤਰ ਮਾਰਕੀਟ ਕਮੇਟੀ ਅਸ਼ੋਕ ਕੁਮਾਰ ਜਿੰਦਲ ਸਮੇਤ ਹੋਰ ਅਧਿਕਾਰੀ, ਕਿਸਾਨ ਅਤੇ ਆੜ੍ਹਤੀ ਹਾਜ਼ਰ ਸਨ। ਅਧਿਕਾਰੀਆਂ ਨੇ ਦੋਵਾਂ ਮੰਡੀਆਂ ਦਾ ਦੌਰਾ ਵੀ ਕੀਤਾ, ਜਿੱਥੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਖਰੀਦ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande