ਹਰਿਆਣਾ ’ਚ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, 1 ਨਵੰਬਰ ਤੋਂ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਸ਼ੁਰੂ
12ਵੀਂ ਪਾਸ ਨੂੰ 1,200 ਅਤੇ ਗ੍ਰੈਜੂਏਟਾਂ ਨੂੰ ਮਿਲਣਗੇ 2,000 ਰੁਪਏ ਮਹੀਨਾਵਾਰ; 30 ਨਵੰਬਰ ਤੱਕ ਆਨਲਾਈਨ ਕਰ ਸਕਦੇ ਹੋ ਅਪਲਾਈ ਚੰਡੀਗੜ੍ਹ, 28 ਅਕਤੂਬਰ (ਹਿੰ.ਸ.)| ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਆਮ ਬੇਰੁਜ਼ਗਾਰੀ ਭੱਤਾ ਯੋਜਨਾ ਤਹਿਤ ਸਾ
ਹਰਿਆਣਾ ’ਚ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, 1 ਨਵੰਬਰ ਤੋਂ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਸ਼ੁਰੂ


12ਵੀਂ ਪਾਸ ਨੂੰ 1,200 ਅਤੇ ਗ੍ਰੈਜੂਏਟਾਂ ਨੂੰ ਮਿਲਣਗੇ 2,000 ਰੁਪਏ ਮਹੀਨਾਵਾਰ; 30 ਨਵੰਬਰ ਤੱਕ ਆਨਲਾਈਨ ਕਰ ਸਕਦੇ ਹੋ ਅਪਲਾਈ

ਚੰਡੀਗੜ੍ਹ, 28 ਅਕਤੂਬਰ (ਹਿੰ.ਸ.)| ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਆਮ ਬੇਰੁਜ਼ਗਾਰੀ ਭੱਤਾ ਯੋਜਨਾ ਤਹਿਤ ਸਾਲ 2026-27 ਲਈ ਅਰਜ਼ੀਆਂ 1 ਨਵੰਬਰ ਤੋਂ ਲਈਆਂ ਜਾਣਗੀਆਂ। ਯੋਗ ਉਮੀਦਵਾਰ 30 ਨਵੰਬਰ 2026 ਤੱਕ ਆਨਲਾਈਨ ਅਰਜ਼ੀ ਦੇ ਸਕਣਗੇ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਤ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਜਨਾ ਤਹਿਤ 12ਵੀਂ ਪਾਸ ਅਤੇ ਦੋ ਸਾਲ ਦਾ ਸਰਟੀਫਿਕੇਟ ਜਾਂ ਡਿਪਲੋਮਾ ਪ੍ਰਾਪਤ ਨੌਜਵਾਨਾਂ ਨੂੰ 1,200 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਗ੍ਰੈਜੂਏਸ਼ਨ ਜਾਂ ਇਸ ਤੋਂ ਉੱਚੀ ਵਿੱਦਿਅਕ ਯੋਗਤਾ ਰੱਖਣ ਵਾਲੇ ਅਤੇ ਤਿੰਨ ਸਾਲ ਦਾ ਡਿਪਲੋਮਾ ਕਰਨ ਵਾਲੇ ਯੋਗ ਨੌਜਵਾਨਾਂ ਨੂੰ 2,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਦਾ ਹਰਿਆਣਾ ਦਾ ਮੂਲ ਨਿਵਾਸੀ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, 1 ਨਵੰਬਰ 2026 ਤੱਕ ਉਸ ਦੀ ਸੂਬੇ ਦੇ ਕਿਸੇ ਵੀ ਰੋਜ਼ਗਾਰ ਦਫ਼ਤਰ ਵਿੱਚ ਲਗਾਤਾਰ ਘੱਟੋ-ਘੱਟ ਤਿੰਨ ਸਾਲਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਬਿਨੈਕਾਰ ਦੀ ਉਮਰ 21 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਬਿਨੈਕਾਰ ਕਿਸੇ ਵਿੱਦਿਅਕ ਸੰਸਥਾ ਵਿੱਚ ਵਿਦਿਆਰਥੀ ਜਾਂ ਸਿਖਿਆਰਥੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸਵੈ-ਰੁਜ਼ਗਾਰ ਵਿੱਚ ਲੱਗਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਹ ਸਮਰੱਥ ਯੁਵਾ ਯੋਜਨਾ ਦਾ ਲਾਭਪਾਤਰੀ ਵੀ ਨਹੀਂ ਹੋਣਾ ਚਾਹੀਦਾ।

ਪਰਿਵਾਰ ਦੀ ਸਾਰੇ ਸਰੋਤਾਂ ਤੋਂ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰਿਵਾਰ ਕੋਲ 10 ਲੱਖ ਰੁਪਏ ਤੋਂ ਵੱਧ ਮੁੱਲ ਦੀ ਰਿਹਾਇਸ਼ੀ ਜਾਂ ਵਪਾਰਕ ਜਾਇਦਾਦ ਜਾਂ ਦੋ ਹੈਕਟੇਅਰ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਵੀ ਨਹੀਂ ਹੋਣੀ ਚਾਹੀਦੀ।

ਇੱਛੁਕ ਅਤੇ ਯੋਗ ਨੌਜਵਾਨ ਹਰਿਆਣਾ ਰੋਜ਼ਗਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ hrex.gov.in ’ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇ ਨਾਲ ਪਰਿਵਾਰ ਪਛਾਣ ਪੱਤਰ, ਆਧਾਰ ਕਾਰਡ, ਆਧਾਰ ਨਾਲ ਜੁੜੀ ਬੈਂਕ ਪਾਸਬੁੱਕ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ ਸਮੇਤ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ।

ਇਸ ਤੋਂ ਇਲਾਵਾ, ਮਾਲ ਅਧਿਕਾਰੀ ਵੱਲੋਂ ਤਸਦੀਕ ਕੀਤਾ ਜਾਇਦਾਦ ਸਬੰਧੀ ਹਲਫ਼ਨਾਮਾ ਅਤੇ ਸਵੈ-ਘੋਸ਼ਣਾ ਪੱਤਰ ਵੀ ਲਾਜ਼ਮੀ ਹੋਵੇਗਾ। ਵਿਆਹੀਆਂ ਮਹਿਲਾ ਬਿਨੈਕਾਰਾਂ ਨੂੰ ਆਪਣੇ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਵੀ ਪੇਸ਼ ਕਰਨਾ ਪਵੇਗਾ।

ਸਰਕਾਰ ਨੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਜਾਂਚ ਕਰਨ ਤੋਂ ਬਾਅਦ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਅਤੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ। ਅਧਿਕਾਰੀਆਂ ਅਨੁਸਾਰ, 30 ਨਵੰਬਰ 2026 ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ, ਇਸ ਲਈ ਨੌਜਵਾਨ ਆਖਰੀ ਦਿਨ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਅਪਲਾਈ ਕਰ ਲੈਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande